ਫਾਰੂਕ ਦੀ ਰਿਹਾਈ ਲਈ ਵਿਰੋਧੀ ਧਿਰ ਵੱਲੋਂ ਲੋਕ ਸਭਾ ’ਚੋਂ ਵਾਕਆਊਟ
ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ ਨੂੰ ਬੰਦੀ ਬਣਾਏ ਜਾਣ ਦਾ ਮੁੱਦਾ ਅੱਜ ਵਿਰੋਧੀ ਪਾਰਟੀਆਂ ਨੇ ਲੋਕ ਸਭਾ ’ਚ ਉਠਾਇਆ। ਵਿਰੋਧੀ ਧਿਰ ਬਜ਼ੁਰਗ ਆਗੂ ਨੂੰ ‘ਗ਼ੈਰਕਾਨੂੰਨੀ’ ਢੰਗ ਨਾਲ ਹਿਰਾਸਤ ’ਚ ਰੱਖੇ ਜਾਣ ਲਈ ਕੇਂਦਰ ’ਤੇ ਵਰ੍ਹੀ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦਿਆਂ ਸਦਨ ’ਚੋਂ ਵਾਕਆਊਟ ਕੀਤਾ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਨੂੰ ਧਾਰਾ 370 ਅਤੇ 35ਏ ਹਟਾਏ ਜਾਣ ਮਗਰੋਂ ਪਿਛਲੇ ਸਾਲ 5 ਅਗਸਤ ਤੋਂ ਹਿਰਾਸਤ ’ਚ ਰੱਖਿਆ ਗਿਆ ਹੈ। ਉਧਰ ਰਾਜ ਸਭਾ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚ ਮੌਜੂਦਾ ਸਮੇਂ ਦੌਰਾਨ ਪਬਲਿਕ ਸੇਫ਼ਟੀ ਐਕਟ (ਪੀਐੱਸਏ) ਤਹਿਤ 389 ਵਿਅਕਤੀ ਬੰਦ ਹਨ। ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ,‘‘ਫਾਰੂਕ ਅਬਦੁੱਲਾ ਸਮੇਤ ਤਿੰਨ ਸਾਬਕਾ ਮੁੱਖ ਮੰਤਰੀ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹਾਂ ’ਚ ਬੰਦ ਹਨ। ਉਨ੍ਹਾਂ ਨੂੰ ਕੋਈ ਸਹੀ ਕਾਰਨ ਦੱਸੇ ਬਿਨਾਂ ਡੱਕਿਆ ਗਿਆ ਹੈ।’’ ਬਾਅਦ ’ਚ ਕਾਂਗਰਸ ਮੈਂਬਰਾਂ ਨੇ ਹੋਰ ਪਾਰਟੀਆਂ ਦੇ ਕਈ ਆਗੂਆਂ ਨਾਲ ਮਿਲ ਕੇ ਸਦਨ ’ਚੋਂ ਵਾਕਆਊਟ ਕੀਤਾ। ਤ੍ਰਿਣਮੂਲ ਕਾਂਗਰਸ ਦੇ ਆਗੂ ਸੁਦੀਪ ਬੰਦੋਪਾਧਿਆਏ ਨੇ ਵੀ ਸ੍ਰੀ ਅਬਦੁੱਲਾ ਨੂੰ ਬੰਦੀ ਬਣਾਏ ਜਾਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਹ ਮਾਮਲਾ ਸਰਬ-ਪਾਰਟੀ ਮੀਟਿੰਗ ਦੌਰਾਨ ਵੀ ਉਠਾਇਆ ਗਿਆ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਦਨ ਨੂੰ ਬਜ਼ੁਰਗ ਆਗੂ ਦੀ ਸਿਹਤ ਬਾਰੇ ਜਾਣਕਾਰੀ ਦੇਵੇ। ਸਪੀਕਰ ਵੱਲੋਂ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਕਾਂਗਰਸ, ਡੀਐੱਮਕੇ, ਐੱਨਸੀਪੀ, ਐੱਨਸੀ ਅਤੇ ਮੁਸਲਿਮ ਲੀਗ ਦੇ ਮੈਂਬਰ ਸਪੀਕਰ ਦੇ ਆਸਣ ਮੂਹਰੇ ਆ ਗਏ ਅਤੇ ਸ੍ਰੀ ਅਬਦੁੱਲਾ ਦੀ ਰਿਹਾਈ ਲਈ ਨਾਅਰੇਬਾਜ਼ੀ ਕਰਨ ਲੱਗ ਪਏ।
ਇਸ ਦੌਰਾਨ ਰਾਜ ਸਭਾ ’ਚ ਲਿਖਤੀ ਜਵਾਬ ’ਚ ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਮਗਰੋਂ 444 ਵਿਅਕਤੀਆਂ ਖ਼ਿਲਾਫ਼ ਪੀਐੱਸਏ ਤਹਿਤ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਏਜੰਸੀਆਂ ਦੀਆਂ ਰਿਪੋਰਟਾਂ ਅਤੇ ਜ਼ਮੀਨੀ ਹਾਲਾਤ ਦੇ ਆਧਾਰ ’ਤੇ ਵਿਅਕਤੀਆਂ ਨੂੰ ਰਿਹਾਅ ਕਰਨ ਬਾਰੇ ਫ਼ੈਸਲੇ ਲਏ ਜਾ ਰਹੇ ਹਨ।