ਫੜਨਵੀਸ ਦੇ ਬਿਆਨ ਮਗਰੋਂ ਸ਼ਿਵ ਸੈਨਾ ਤੇ ਭਾਜਪਾ ਦੀ ਮੀਟਿੰਗ ਰੱਦ

ਫੜਨਵੀਸ ਦੇ ਬਿਆਨ ਮਗਰੋਂ ਸ਼ਿਵ ਸੈਨਾ ਤੇ ਭਾਜਪਾ ਦੀ ਮੀਟਿੰਗ ਰੱਦ

ਮੁੰਬਈ-ਸੱਤਾ ’ਚ ਹਿੱਸੇਦਾਰੀ ਦੇ ‘ਫਾਰਮੂਲੇ’ ਤਹਿਤ ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਸ਼ਿਵ ਸੈਨਾ ਨੂੰ ਦਿੱਤੇ ਜਾਣ ਤੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਇਨਕਾਰ ਤੋਂ ਬਾਅਦ ਊਧਵ ਠਾਕਰੇ ਨੇ ਅਗਲੀ ਸਰਕਾਰ ਦੇ ਗਠਨ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਪਾਰਟੀ ਦੀ ਮੀਟਿੰਗ ਰੱਦ ਕਰ ਦਿੱਤੀ।
ਸ਼ਿਵ ਸੈਨਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸੱਤਾ ਭਾਈਵਾਲੀ ’ਤੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਊਧਵ ਠਾਕਰੇ ਨੇ ਸ਼ਾਮ ਚਾਰ ਵਜੇ ਕੀਤੀ ਜਾਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ। ਸ਼ਿਵ ਸੈਨਾ ਦੇ ਆਗੂ ਨੇ ਦੱਸਿਆ, ‘ਭਾਜਪਾ ਵੱਲੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਪਾਰਟੀ ਆਗੂ ਭੁਪੇਂਦਰ ਯਾਦਵ ਅਗਲੀ ਸਰਕਾਰ ਦੇ ਗਠਨ ਬਾਰੇ ਚਰਚਾ ’ਚ ਹਿੱਸਾ ਲੈਣ ਵਾਲੇ ਸੀ ਜਦਕਿ ਸ਼ਿਵ ਸੈਨਾ ਵੱਲੋਂ ਸੁਭਾਸ਼ ਦੇਸਾਈ ਤੇ ਸੰਜੈ ਰਾਉਤ ਨੇ ਮੀਟਿੰਗ ’ਚ ਸ਼ਾਮਲ ਹੋਣਾ ਸੀ।’ ਇਸ ਤੋਂ ਪਹਿਲਾਂ ਫੜਨਵੀਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਦਿਆਂ ਸ਼ਿਵ ਸੈਨਾ ਨੂੰ ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਕੋਈ ਵਾਅਦਾ ਕੀਤਾ ਸੀ। ਸ਼ਿਵ ਸੈਨਾ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਖਾਰਜ ਕਰਨ ਲਈ ਅੱਜ ਇੱਕ ਪੁਰਾਣੀ ਵੀਡੀਓ ਵੀ ਜਾਰੀ ਕੀਤੀ ਜਿਸ ’ਚ ਫੜਨਵੀਸ ਭਾਜਪਾ ਦੀ ਅਗਾਵਾਈ ਵਾਲੀ ਸਰਕਾਰ ’ਚ ਅਹੁਦਾ ਤੇ ਜ਼ਿੰਮੇਵਾਰੀ ਦੀ ਬਰਾਬਰ ਵੰਡ ਬਾਰੇ ਕਥਿਤ ਚਰਚਾ ਕਰ ਰਹੇ ਸੀ।

Radio Mirchi