ਫੜਨਵੀਸ ਮੁੜ ਮੁੱਖ ਮੰਤਰੀ ਬਣੇ
ਮਹਾਰਾਸ਼ਟਰ ’ਚ ਅੱਜ ਸਵੇਰੇ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਉਸ ਸਮੇਂ ਧਰੀਆਂ-ਧਰਾਈਆਂ ਰਹਿ ਗਈਆਂ ਜਦੋਂ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੜ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਨਾਲ ਐੱਨਸੀਪੀ ਦੇ ਅਜੀਤ ਪਵਾਰ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਨੇ ਐੱਨਸੀਪੀ ਦੇ ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਪਰ ਸ਼ਾਮ ਹੁੰਦਿਆਂ ਪਾਸਾ ਪੁੱਠਾ ਪੈ ਗਿਆ ਅਤੇ ਅਜੀਤ ਪਵਾਰ ਸਮੇਤ ਚਾਰ ਵਿਧਾਇਕਾਂ ਨੂੰ ਛੱਡ ਕੇ ਐੱਨਸੀਪੀ ਦੇ 49 ਵਿਧਾਇਕਾਂ ਨੇ ਪ੍ਰਧਾਨ ਸ਼ਰਦ ਪਵਾਰ ਵੱਲੋਂ ਸੱਦੀ ਬੈਠਕ ’ਚ ਹਾਜ਼ਰੀ ਭਰੀ। ਐੱਨਸੀਪੀ ਨੇ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾਉਂਦਿਆਂ ਜੈਯੰਤ ਪਾਟਿਲ ਨੂੰ ਆਗੂ ਬਣਾ ਦਿੱਤਾ ਹੈ। ਐੱਨਸੀਪੀ ਆਗੂ ਨਵਾਬ ਮਲਿਕ ਨੇ ਦੱਸਿਆ ਕਿ ਪੰਜ ਆਗੂ ਪਾਰਟੀ ਦੇ ਸੰਪਰਕ ’ਚ ਨਹੀਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਛੇਤੀ ਬਣੇਗੀ। ਐੱਨਸੀਪੀ ਆਪਣੇ ਵਿਧਾਇਕਾਂ ਨੂੰ ਖ਼ਰੀਦੋ ਫਰੋਖ਼ਤ ਤੋਂ ਬਚਾਉਣ ਲਈ ਬੱਸ ਰਾਹੀਂ ਹੋਟਲ ਲੈ ਗਈ। ਇਕ ਦਿਨ ਪਹਿਲਾਂ ਜਦੋਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਲਈ ਐੱਨਸੀਪੀ ਅਤੇ ਕਾਂਗਰਸ ਰਾਜ਼ੀ ਹੋ ਗਈਆਂ ਸਨ ਤਾਂ ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਕਾਹਲੀ ’ਚ ਰਾਜ ਭਵਨ ਵਿਖੇ ਹਲਫ਼ਦਾਰੀ ਸਮਾਗਮ ਸੱਦ ਕੇ ਉਨ੍ਹਾਂ ਦੀ ਸਾਰੀ ਖੇਡ ਵਿਗਾੜ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਮਹਾਰਾਸ਼ਟਰ ’ਚ ਲੱਗੇ ਰਾਸ਼ਟਰਪਤੀ ਸ਼ਾਸਨ ਨੂੰ ਖ਼ਤਮ ਕਰ ਦਿੱਤਾ। ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਦੇ ਨਾਟਕੀ ਵਤੀਰੇ ਤੋਂ ਲਾਂਭੇ ਹੁੰਦਿਆਂ ਕਿਹਾ ਕਿ ਫੜਨਵੀਸ ਨੂੰ ਹਮਾਇਤ ਦੇਣ ਦਾ ਫ਼ੈਸਲਾ ਉਸ ਦਾ ਨਿੱਜੀ ਹੈ ਅਤੇ ਇਸ ਦਾ ਪਾਰਟੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।
ਸ਼ਿਵ ਸੈਨਾ ਅਤੇ ਕਾਂਗਰਸ ਦੇ ਆਗੂਆਂ ਨੇ ਰਾਜਪਾਲ ਦੀ ਕਾਰਵਾਈ ਨੂੰ ਜਮਹੂਰੀਅਤ ਦੀ ਹੱਤਿਆ ਕਰਾਰ ਦਿੱਤਾ। ਊਧਵ ਠਾਕਰੇ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੇ ਲੋਕਾਂ ’ਤੇ ‘ਫਰਜ਼ੀਕਲ ਸਟਰਾਈਕ’ ਹੈ ਅਤੇ ਉਹ ਇਸ ਦਾ ਬਦਲਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਫ਼ਤਵੇ ਅਤੇ ਸੰਵਿਧਾਨ ਦਾ ਅਨਾਦਰ ਹੈ। ਪਾਰਟੀ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਯਤਨ ਸੈਨਾ ਵਰਕਰਾਂ ਵੱਲੋਂ ਨਾਕਾਮ ਕੀਤੇ ਜਾਣ ਦੀ ਆਸ ਕਰਦਿਆਂ ਉਨ੍ਹਾਂ ਕਿਹਾ,‘‘ਹਰ ਕੋਈ ਜਾਣਦਾ ਹੈ ਕਿ ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਧੋਖਾ ਹੋਇਆ ਸੀ ਅਤੇ ਪਿੱਛੋਂ ਹਮਲਾ ਕੀਤਾ ਗਿਆ ਸੀ ਤਾਂ ਉਨ੍ਹਾਂ ਕੀ ਕੀਤਾ ਸੀ।’’ ਸੰਜੈ ਰਾਊਤ ਨੇ ਅਜੀਤ ਪਵਾਰ ’ਤੇ ਦੋਸ਼ ਲਾਇਆ ਕਿ ਉਸ ਨੇ ਭਾਜਪਾ ਨਾਲ ਹੱਥ ਮਿਲਾ ਕੇ ਮਹਾਰਾਸ਼ਟਰ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਕਾਂਗਰਸ ਨੇ ਹਲਫ਼ਦਾਰੀ ਸਮਾਗਮ ਨੂੰ ਮੁਲਕ ਦੇ ਇਤਿਹਾਸ ਦਾ ‘ਕਾਲਾ ਅਧਿਆਏ’ ਕਰਾਰ ਦਿੱਤਾ।