ਬਚਪਨ ਦੀ ਤਸਵੀਰ ਸਾਂਝੀ ਕਰਕੇ ਜੈਸਮੀਨ ਸੈਂਡਲਾਸ ਨੇ ਦੱਸਿਆ ਦਿਲ ਦਾ ਦਰਦ
ਜਲੰਧਰ — ਸੰਗੀਤ ਜਗਤ 'ਚ 'ਗੁਲਾਬੀ ਕਵੀਨ' ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ 'ਮੈਨੂੰ ਬੇਅਰਾਮੀ ਤੋਂ ਡਰ ਲੱਗਦਾ ਸੀ ਅਤੇ ਮੈਂ ਹਮੇਸ਼ਾ ਹੀ ਕਿਸੇ ਨਾਲ ਟਕਰਾਉਣ ਤੋਂ ਬਚਦੀ ਸੀ। ਮੈਂ ਹਮੇਸ਼ਾ ਹੀ ਆਪਣੇ ਦਰਦ ਨੂੰ ਦਬਾਇਆ ਹੈ। ਸਾਰੀ ਉਮਰ ਮੈਂ ਆਪਣੇ ਆਲੇ-ਦੁਆਲੇ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਮੇਰੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹੇ ਅਤੇ ਮੈਂ ਖੁਸ਼ ਵਿਖਾਈ ਦੇਵਾਂ। ਹਾਲਾਂਕਿ ਮੈਂ ਹਾਲ 'ਚ ਹੀ ਸਿੱਖਿਆ ਹੈ ਕਿ ਜੋ ਵੀ ਕੰਮ ਕਰਨਾ ਚਾਹੀਦਾ ਹੈ ਉਹ ਚੰਗੀ ਭਾਵਨਾ ਨਾਲ ਕਰਨਾ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ 'ਚ ਆਉਣ ਵਾਲੀ ਹਰ ਚੁਣੌਤੀ ਦਾ ਸਵਾਗਤ ਕਰਦੀ ਹਾਂ।'
ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ 'ਚ 'ਬੰਬ ਜੱਟ', 'ਸਿਪ ਸਿਪ', 'ਈਲੀਗਲ ਵੈਪਨ', 'ਸੋਨੇ ਦੀ ਚਿੜੀਆ', 'ਚੁੰਨੀ ਬਲੈਕ' ਸਣੇ ਕਈ ਗੀਤ ਸ਼ਾਮਲ ਹਨ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗੈਰੀ ਸੰਧੂ ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਹਨ।
ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਹੀ ਚਰਚਾ 'ਚ
ਜੈਸਮੀਨ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਆਏ ਦਿਨ ਕਿਸੇ ਨਾ ਕਿਸੇ ਵੀਡੀਓ ਜਾਂ ਤਸਵੀਰਾਂ ਨੂੰ ਲੈ ਕੇ ਦੋਵਾਂ ਸੁਰਖੀਆਂ 'ਚ ਆ ਜਾਂਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਜੈਸਮੀਨ ਨੇ ਗੈਰੀ ਸੰਧੂ ਨਾਲੋਂ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਲਿਆ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਤੋਂ ਬਾਅਦ ਦੋਵਾਂ ਨੂੰ ਇਕੱਠਿਆਂ ਕਈ ਥਾਵਾਂ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹਨ।
ਇਹ ਹਨ ਜੈਸਮੀਨ ਦੇ ਹਿੱਟ ਗੀਤ
ਜੈਸਮੀਨ 'ਸਿਪ ਸਿਪ', 'ਰਾਤ ਜਸ਼ਨਾਂ ਦੀ', 'ਵਿਸਕੀ ਦੀ ਬੋਤਲ', 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਬਗਾਵਤ' ਆਦਿ ਵਰਗੇ ਅਨੇਕਾਂ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਜੈਸਮੀਨ ਸੰਗੀਤ ਜਗਤ ਦੇ ਕਈ ਸੁਪਰਸਟਾਰ ਸਿੰਗਰਾਂ ਨਾਲ ਵੀ ਗੀਤ ਗਾ ਚੁੱਕੀ ਹੈ, ਜਿਨ੍ਹਾਂ 'ਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹੁੰਦਲ ਦਾ ਨਾਂ ਸ਼ਾਮਲ ਹੈ।
ਸੋਸ਼ਲ ਮੀਡੀਆ 'ਤੇ ਰਹਿੰਦੀ ਸਰਗਰਮ
ਜੈਸਮੀਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜੋ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ ਸਨ।