ਬਦਲਾ ਨਹੀਂ ਹੋ ਸਕਦਾ ਨਿਆਂ: ਚੀਫ਼ ਜਸਟਿਸ ਬੋਬੜੇ

ਬਦਲਾ ਨਹੀਂ ਹੋ ਸਕਦਾ ਨਿਆਂ: ਚੀਫ਼ ਜਸਟਿਸ ਬੋਬੜੇ

ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅੱਜ ਕਿਹਾ ਕਿ ਨਿਆਂ ਕਦੇ ਵੀ ਤਤਫੱਟ ਜਾਂ ਇਕਦਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਿਆਂ ਜੇਕਰ ਬਦਲੇ ਦੀ ਸ਼ਕਲ ਲੈ ਲਵੇ ਤਾਂ ਆਪਣਾ ਕਿਰਦਾਰ ਗੁਆ ਬੈਠਦਾ ਹੈ। ਚੀਫ਼ ਜਸਟਿਸ ਦੀਆਂ ਇਹ ਟਿੱਪਣੀਆਂ ਤਿਲੰਗਾਨਾ ਪੁਲੀਸ ਵੱਲੋਂ ਇਕ ਵੈਟਰਨਰੀ ਡਾਕਟਰ ਨਾਲ ਪਹਿਲਾਂ ਜਬਰ-ਜਨਾਹ ਤੇ ਮਗਰੋਂ ਕਤਲ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ‘ਮੁਕਾਬਲੇ’ ਵਿੱਚ ਮਾਰ ਮੁਕਾਉਣ ਦੇ ਪਿਛੋਕੜ ਵਿੱਚ ਕਾਫ਼ੀ ਅਹਿਮ ਹਨ। ਸੀਜੇਆਈ ਇਥੇ ਰਾਜਥਸਾਨ ਹਾਈ ਕੋਰਟ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਚੀਫ਼ ਜਸਟਿਸ ਬੋਬੜੇ ਨੇ ਕਿਹਾ, ‘ਮੁਲਕ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ਨੇ ਪੁਰਾਣੀ ਬਹਿਸ ਨੂੰ ਨਵੀਂ ਸ਼ਕਤੀ ਨਾਲ ਚਿੰਗਾਰੀ ਲਾਈ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਪਰਾਧਿਕ ਨਿਆਂ ਪ੍ਰਬੰਧ ਨੂੰ ਆਪਣੇ ਦ੍ਰਿਸ਼ਟੀਕੋਣ, ਸਮੇਂ ਦੇ ਨਾਲ ਆਪਣੇ ਰਵੱਈਏ ਅਤੇ ਕਿਸੇ ਅਪਰਾਧਿਕ ਮਾਮਲੇ ਨੂੰ ਨਿਬੇੜਨ ਲਈ ਵਰਤੀ ਜਾਂਦੀ ਢਿੱਲ ਤੇ ਸੰਭਾਵੀ ਸਮੇਂ ਬਾਰੇ ਪੁਨਰਵਿਚਾਰ ਕਰਨਾ ਹੋਵੇਗਾ।’ ਉਨ੍ਹਾਂ ਕਿਹਾ, ‘ਪਰ ਮੇਰਾ ਮੰਨਣਾ ਹੈ ਕਿ ਨਿਆਂ ਕਦੇ ਵੀ ਤਤਫੱਟ ਨਹੀਂ ਹੋ ਸਕਦਾ ਤੇ ਨਾ ਹੀ ਇਹ ਉਚਿਤ ਜਾਂ ਮੁਨਾਸਿਬ ਹੈ। ਨਿਆਂ ਕਦੇ ਵੀ ਬਦਲੇ ਦੀ ਸ਼ਕਲ ਨਹੀਂ ਲੈ ਸਕਦਾ। ਮੈਂ ਮੰਨਦਾ ਹਾਂ ਕਿ ਜੇਕਰ ਨਿਆਂ ਬਦਲੇ ਦਾ ਰੂਪ ਅਖ਼ਤਿਆਰ ਕਰ ਲਏ ਤਾਂ ਇਹ ਆਪਣਾ ਕਿਰਦਾਰ ਗੁਆ ਬੈਠਦਾ ਹੈ।’

Radio Mirchi