ਬਰਨਾਲਾ ’ਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ: ਪੰਜਾਬ ’ਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਉਂਦੀ ਦਿੱਲੀ ਪੁਲੀਸ ਨੂੰ ਘੇਰਨ ਦਾ ਸੱਦਾ

ਬਰਨਾਲਾ ’ਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ: ਪੰਜਾਬ ’ਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਉਂਦੀ ਦਿੱਲੀ ਪੁਲੀਸ ਨੂੰ ਘੇਰਨ ਦਾ ਸੱਦਾ

ਅੱਜ ਇਥੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਰ ਪਿੰਡ ਵਿੱਚੋਂ ਦਸ ਕਿਸਾਨਾਂ ਦਾ ਜੱਥਾ ਦਿੱਲੀ ਜਾਵੇ, ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਕਿਸਾਨ ਕਰਨ। ਦਿੱਲੀ ਪੁਲੀਸ ਵਲੋਂ ਜਿਨ੍ਹਾਂ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚਾ ਲੜੇਗਾ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਪੁਲੀਸ ਅੱਗੇ ਨਾ ਹੋਵੇ ਪੇਸ਼ ਤੇ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਆਈ ਦਿੱਲੀ ਪੁਲੀਸ ਦਾ ਘਿਰਾਉਂ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲੀਸ ਦਾ ਸਾਥ ਨਾ ਦੇਵੇ। ਸ੍ਰੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ। ਉਨ੍ਹਾਂ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਵਿਰੋਧੀ ਲੋਕਾਂ ਦਾ ਹੋਵੇ ਸਮਾਜਿਕ ਬਾਈਕਾਟ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ’ਤੇ ਲੋਕ ਵਿਸ਼ਵਾਸ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਤਿੰਨੇ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ।ਖੇਤੀ ਕਾਨੂੰਨਾਂ ਖ਼ਿਲਾਫ਼ ਖੇਤ ਮਜ਼ਦੂਰ ਯੂਨੀਅਨ ਤੇ ਬੀਕੇਯੂ ਉਗਰਾਹਾਂ ਵੱਲੋਂ ਐਲਾਨੀ ਮਹਾ ਰੈਲੀ ਇਥੇ ਅਨਾਜ ਮੰਡੀ ’ਚ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਲੋਕ ਪੁੱਜੇ। ਮਹਾ ਰੈਲੀ ਵਿੱਚ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ ਤੋਂ ਇਲਾਵਾ ਡਾ. ਪਰਮਿੰਦਰ ਅੰਮ੍ਰਿਤਸਰ, ਅਮੋਲਕ ਸਿੰਘ, ਗੁਰਬਖ਼ਸ਼ ਕੌਰ ਸੰਘਾ, ਝੰਡਾ ਸਿੰਘ ਜੇਠੂਕੇ, ਤਰਕਸ਼ੀਲ ਆਗੂ ਰਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ, ਸਮੇਤ ਦੂਜੇ ਸੂਬਿਆਂ ਤੋਂ ਆਗੂਆਂ ਨੇ ਸ਼ਮੂਲੀਅਤ ਕੀਤੀ। ਬਰਨਾਲਾ ਦੀ ਦਾਣਾ ਮੰਡੀ ਨੂੰ ਕਿਸਾਨੀ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ। ਰੈਲੀ ਦੇ ਪ੍ਰਬੰਧਾਂ ਲਈ ਮਹਾਰੈਲੀ ਦੇ ਪ੍ਰਬੰਧਕਾਂ ਵਲੋਂ ਇੱਕ ਹਜ਼ਾਰ ਤੋਂ ਵੱਧ ਵਾਲੰਟੀਅਰ ਲਗਾਏ ਗਏ। ਇਸੇ ਤਰ੍ਹਾਂ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਹੇ ਤੋਂ ਬਾਹਰੋਂ ਵੀ ਪੁਲੀਸ ਬੁਲਾਈ ਗਈ। ਰੈਲੀ ਵਿੱਚ ਪਹੁੰਚਣ ਵਾਲੇ ਲੋਕਾਂ ਲਈ ਤਿੰਨ ਥਾਵਾਂ ’ਤੇ ਲੰਗਰ ਦੇ ਪ੍ਰਬੰਧ ਕੀਤੇ ਗਏ।

Radio Mirchi