ਬਰਫ਼ੀਲੇ ਤੂਫ਼ਾਨਾਂ ’ਚ ਛੇ ਜਵਾਨਾਂ ਸਣੇ 12 ਹਲਾਕ
ਜੰਮੂ ਤੇ ਕਸ਼ਮੀਰ ਵਿੱਚ ਸੋਮਵਾਰ ਰਾਤ ਤੋਂ ਬਰਫ਼ੀਲੇ ਤੂਫ਼ਾਨਾਂ ਨਾਲ ਸਬੰਧਤ ਚਾਰ ਵੱਖ ਵੱਖ ਘਟਨਾਵਾਂ ’ਚ ਛੇ ਫ਼ੌਜੀ ਜਵਾਨਾਂ ਸਮੇਤ 12 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਤੇ ਰੱਖਿਆ ਸੂਤਰਾਂ ਮੁਤਾਬਕ ਮਰਨ ਵਾਲਿਆਂ ’ਚ ਬੀਐੱਸਐਫ਼ ਦਾ ਇਕ ਜਵਾਨ ਤੇ ਛੇ ਆਮ ਨਾਗਰਿਕ ਵੀ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਕੰਟਰੋਲ ਰੇਖਾ ਨੇੜੇ ਮਛੀਲ ਸੈਕਟਰ ਵਿੱਚ ਫ਼ੌਜੀ ਜਵਾਨਾਂ ਦੀ ਪੋਸਟ ਬਰਫ਼ੀਲੇ ਤੂਫ਼ਾਨ ਦੀ ਜ਼ੱਦ ਵਿੱਚ ਆਉਣ ਕਰਕੇ ਪੰਜ ਫੌਜੀ ਬਰਫ਼ ਦੇ ਤੋਦਿਆਂ ਹੇਠ ਦੱਬ ਗਏ। ਬਚਾਅ ਟੀਮ ਨੇ ਫੌਰੀ ਰਾਹਤ ਕਾਰਜ ਵਿੱਢਦਿਆਂ ਇਨ੍ਹਾਂ ਨੂੰ ਬਰਫ਼ ਥੱਲਿਓਂ ਕੱਢ ਲਿਆ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਬਚਾਇਆ ਜਾ ਸਕਿਆ।
ਇਸ ਦੌਰਾਨ ਗੰਦਰਬਲ ਜ਼ਿਲ੍ਹੇ ਦੇ ਗਗਨਗਿਰ ਖੇਤਰ ਵਿਚਲੇ ਇਕ ਪਿੰਡ ਦੇ ਬਰਫ਼ੀਲੇ ਤੁੂਫ਼ਾਨ ਦੀ ਮਾਰ ਹੇਠ ਆਉਣ ਕਰਕੇ ਪੰਜ ਆਮ ਨਾਗਰਿਕ ਹਲਾਕ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਬਰਫ਼ ਦੇ ਤੋਦਿਆਂ ਹੇਠ ਆਉਣ ਕਰਕੇ ਸਥਾਨਕ ਵਾਸੀ ਦੀ ਜਾਨ ਜਾਂਦੀ ਰਹੀ। ਕਸ਼ਮੀਰ ਦੇ ਨੋਗਾਮ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਸੋਮਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਇਕ ਫੌਜੀ ਚੌਕੀ ਦੇ ਬਰਫ਼ੀਲੇ ਤੂਫ਼ਾਨ ਹੇਠ ਆਉਣ ਕਰਕੇ ਬੀਐੱਸਐਫ਼ ਦਾ 29 ਸਾਲਾ ਜਵਾਨ ਹਲਾਕ ਹੋ ਗਿਆ। ਦਿਨ ਦੀ ਇਸ ਚੌਥੀ ਘਟਨਾ ਵਿੱਚ ਛੇ ਹੋਰ ਜਵਾਨ ਜ਼ਖ਼ਮੀ ਹੋ ਗਏ। ਮ੍ਰਿਤਕ ਬੀਐੱਸਐਫ਼ ਜਵਾਨ ਦੀ ਪਛਾਣ 77ਵੀਂ ਬਟਾਲੀਅਨ ’ਚ ਤਾਇਨਾਤ ਕਾਂਸਟੇਬਲ ਗੰਗਾ ਬਾਰਾ ਵਜੋਂ ਹੋਈ ਹੈ। ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਪ੍ਰਭਾਵਿਤ ਖੇਤਰ ’ਚ ਫੌਜ ਦੇ ਸੱਤ ਜਵਾਨ ਤਾਇਨਾਤ ਸਨ। ਇਨ੍ਹਾਂ ਵਿੱਚੋਂ ਛੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦੋਂਕਿ ਕੋਸ਼ਿਸ਼ਾਂ ਦੇ ਬਾਵਜੂਦ ਕਾਂਸਟੇਬਲ ਬਾਰਾ ਨੂੰ ਨਹੀਂ ਬਚਾਇਆ ਜਾ ਸਕਿਆ। ਕਾਂਸਟੇਬਲ ਬਾਰਾ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਉਹ ਸਾਲ 2011 ’ਚ ਬੀਐੱਸਐੱਫ਼ ’ਚ ਸ਼ਾਮਲ ਹੋਇਆ ਸੀ।
ਇਸ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਬਰਫ਼ ਦੇ ਤੋਦਿਆਂ ਕਾਰਨ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਮੰਗਲਵਾਰ ਨੂੰ ਹੋਈਆਂ ਮੌਤਾਂ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਸ਼ਮੀਰ ਵਾਦੀ ਵਿਚ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ ਤੇ ਰਾਤ ਦਾ ਤਾਪਮਾਨ ਮਨਫ਼ੀ ਹੈ। ਸੜਕਾਂ ’ਤੇ ਬਰਫ਼ ਦੀ ਮੋਟੀ ਪਰਤ ਹੈ। ਸ੍ਰੀਨਗਰ ਤੋਂ ਕਈ ਉਡਾਨਾਂ ਵੀ ਰੱਦ ਹੋ ਗਈਆਂ ਹਨ। ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 2.7 ਰਿਕਾਰਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਕਸ਼ਮੀਰ ਵਿਚ ਭਰਵੀਂ ਬਰਫ਼ਬਾਰੀ ਹੋ ਰਹੀ ਹੈ। ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਰਨਵੇਅ ’ਤੇ ਤਿਲਕਣ ਕਾਫ਼ੀ ਸੀ ਪਰ ਬਾਅਦ ਦੁਪਹਿਰ ਹਾਲਤ ਠੀਕ ਹੋਣ ਮਗਰੋਂ ਉਡਾਨਾਂ ਆਰੰਭੀਆਂ ਗਈਆਂ ਹਨ। ਸੰਘਣੀ ਧੁੰਦ ਕਾਰਨ ਅੱਜ ਜੰਮੂ ਆਉਣ-ਜਾਣਵਾਲੀਆਂ ਕਈ ਉਡਾਨਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਹਿਮਾਚਲ ਦੇ ਚੰਬਾ ਜ਼ਿਲ੍ਹੇ ’ਚ ਢਿੱਗ ਡਿਗਣ ਕਾਰਨ ਇਕ ਵਿਅਕਤੀ ਦੀ ਥੱਲੇ ਆ ਕੇ ਮੌਤ ਹੋ ਗਈ।