ਬਰਮਾ ਮੁਹਿੰਮ ਦੀਆਂ ਯੂਨਿਟਾਂ ਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ

ਬਰਮਾ ਮੁਹਿੰਮ ਦੀਆਂ ਯੂਨਿਟਾਂ ਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ

ਬਰਮਾ ਮੁਹਿੰਮ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਫੌਜ ਦੀ ਯਾਦ ’ਚ ਕਰਵਾਏ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਮਾਪਤੀ ਸਮਾਰੋਹ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਮਾ ਮੁਹਿੰਮ ਦੀਆਂ ਯੂਨਿਟਾਂ ਅਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖ਼ੁਦ ਸਾਬਕਾ ਫੌਜੀ ਹੋਣ ਕਰਕੇ ਉਨ੍ਹਾਂ ਨੂੰ ਯੂਨਿਟਾਂ ਅਤੇ ਨਿਧੜਕ ਸੈਨਿਕਾਂ ਦੇ ਵਾਰਸਾਂ ਦਾ ਸਨਮਾਨ ਕੀਤੇ ਜਾਣ ’ਤੇ ਮਾਣ ਹੈ, ਜਿਨ੍ਹਾਂ ਨੇ ਬਰਮਾ ਮੁਹਿੰਮ ਦੌਰਾਨ ਦਲੇਰਾਨਾ ਲੜਾਈ ਲੜੀ ਅਤੇ ਉਨ੍ਹਾਂ ਦੀਆਂ ਵੀਰਗਾਥਾਵਾਂ ਅੱਜ ਵੀ ਭਾਰਤੀ ਸੈਨਿਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਦੇਸ਼ ਭਗਤੀ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰਦਾ ਹੈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਸਾਲ 1965 ਦੇ ਅਪਰੇਸ਼ਨ ਵਿੱਚ 4 ਸਿੱਖ ਬਟਾਲੀਅਨ ਦੀ ਕਮਾਂਡ ਬਹਾਦਰੀ ਨਾਲ ਕਰਨ ਵਾਲੇ ਲੈਫਟੀਨੈਂਟ ਕਰਨਲ ਅਨੰਤ ਸਿੰਘ ਦੀ ਪੁੱਤਰੀ ਸੁਖਜਿੰਦਰ ਕੌਰ ਦਾ ਸਨਮਾਨ ਕੀਤਾ। ਉਨ੍ਹਾਂ ਨੇ 2/5 ਗੋਰਖਾ ਰਾਈਫਲਜ਼ ਤੋਂ ਮੇਜਰ ਜੈਕਬ ਅਤੇ ਸੂਬੇਦਾਰ ਮੇਜਰ ਹਰਸ਼ਾ ਬਹਾਦਰ ਰਾਣਾ ਨੇ ਨਾਇਕ ਅਗਨ ਸਿੰਘ ਰਾਏ (1944), ਸੂਬੇਦਾਰ ਨੇਤਰਾ ਬਹਾਦੁਰ ਥਾਪਾ (1944) ਅਤੇ ਹਵਾਲਦਾਰ ਗਜੇ ਘਾਲੇ (1943) ਲਈ ਸਨਮਾਨ ਹਾਸਲ ਕੀਤਾ। 2 ਸਿੱਖ ਦੇ ਮੇਜਰ ਭਟੇਂਡੂ ਠਾਕੁਰ ਨੇ 28 ਪੰਜਾਬੀਜ਼ ਦੇ ਵਿਕਟੋਰੀਆ ਕਰਾਸ ਜੇਤੂ ਸਿਪਾਹੀ ਈਸ਼ਰ ਸਿੰਘ (1921) ਜੋ ਬਾਅਦ ਵਿੱਚ 2 ਸਿੱਖ ਨਾਲ ਜੁੜ ਗਿਆ, ਲਈ ਸਨਮਾਨ ਹਾਸਲ ਕੀਤਾ। 4 ਮੈਕ ਦੇ ਕਰਨਲ ਨਵਦੀਪ ਹਰਨਲ ਨੇ 1/11 ਸਿੱਖ ਜੋ ਹੁਣ 4 ਮੈਕ ਹੋ ਗਈ, ਦੇ ਵਿਕਟੋਰੀਆ ਕਰਾਸ ਜੇਤੂ ਨਾਇਕ ਨੰਦ ਸਿੰਘ (1944) ਲਈ ਸਨਮਾਨ ਹਾਸਲ ਕੀਤਾ। ਆਰਟਿਲਰੀ ਰੈਜੀਮੈਂਟ ਦੇ ਮੇਜਰ ਮੁਕੇਸ਼ ਨੇ ਰਾਇਲ ਇੰਡੀਅਨ ਆਰਟਿਲਰੀ ਦੇ 30 ਮਾਊਂਟੇਨ ਰੈਜੀਮੈਂਟ ਦੇ ਹੌਲਦਾਰ ਉਮਰਾਓ ਸਿੰਘ (1944) ਜੋ ਹੁਣ 22 ਫੀਲਡ ਰੈਜੀਮੈਂਟ ਹੈ, ਲਈ ਸਨਮਾਨ ਹਾਸਲ ਕੀਤਾ।
ਫੈਸਟੀਵਲ ’ਚ ਪਹੁੰਚੇ 3/2 ਜੀ.ਆਰ. (1945) ਦੇ ਰਾਈਫਲਮੈਨ ਤੁਲ ਬਹਾਦੁਰ ਪੁਨ ਅਤੇ ਰਾਈਫਲਮੈਨ ਭਾਨਭਗਤਾ ਗੁਰੁੰਗ, 1/7 ਜੀ.ਆਰ. (1944) ਦੇ ਰਾਈਫਲਮੈਨ ਗੰਜੂ ਲਾਮਾ, 4/8 ਜੀ.ਆਰ. (1945) ਦੇ ਰਾਈਫਲਮੈਨ ਲੱਛਮਣ ਘਾਲੇ, 7/16 ਪੰਜਾਬ (1945) ਦੇ ਲਾਂਸ ਨਾਇਕ ਸ਼ੇਰ ਸ਼ਾਹ, 2/1 ਪੰਜਾਬ (1944) ਦੇ ਸੂਬੇਦਾਰ ਰਾਮ ਸਰੂਪ ਸਿੰਘ, 7/10 ਬਲੂਚ (1945) ਦੇ ਨਾਇਕ ਫਜ਼ਲ ਦੀਨ, 14/13 ਐਫ.ਐਫ. ਰਾਈਫਲਜ਼ (1945) ਦੇ ਪਰਕਾਸ਼ ਸਿੰਘ ਚਿੱਬ, 5/8 (1943) ਦੇ ਹਵਾਲਦਾਰ ਪ੍ਰਕਾਸ਼ ਸਿੰਘ, 4/15 ਪੰਜਾਬ (1944) ਦੇ ਨਾਇਕ ਗਿਆਨ ਸਿੰਘ, 16/10 ਬਲੂਚ (1944) ਦੇ ਸਿਪਾਹੀ ਭੰਡਾਰੀ ਰਾਮ, 3 ਜੱਟ (1944) ਦੇ ਅਬਦੁਲ ਹਾਫਿਜ਼ ਅਤੇ ਪੰਜਾਬ (1945) ਦੇ ਲੈਫਟੀਨੈਂਟ ਕਰਮਜੀਤ ਸਿੰਘ ਜੱਜ ਦਾ ਵੀ ਸਨਮਾਨ ਕੀਤਾ ਗਿਆ।

Radio Mirchi