ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਦੇ ਹੋਏ
ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਹਲਕਾ ਜੈਤੋ ਤੋਂ ਬਾਗ਼ੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ ‘ਆਪ’ ਵਿਚ ਪਰਤ ਆਏ ਹਨ। ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਕੁਲਵੰਤ ਸਿੰਘ ਕੋਟਲੀ ਅਤੇ ਮੀਡੀਆ ਇੰਚਾਰਜ ਮਨਜੀਤ ਸਿੱਧੂ ਨਾਲ ਮੀਟਿੰਗ ਕਰਨ ਉਪਰੰਤ ਘਰ ਵਾਪਸੀ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਜਦ ਪਾਰਟੀ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਵਾਪਸ ਲਿਆ ਸੀ ਤਾਂ ਸ੍ਰੀ ਖਹਿਰਾ ਨਾਲ ਮਿਲ ਕੇ ਮਾਸਟਰ ਬਲਦੇਵ ਸਿੰਘ ਨੇ ‘ਆਪ’ ਵਿਰੁੱਧ ਮੋਹਰੇ ਹੋ ਕੇ ਬਗਾਵਤ ਦਾ ਝੰਡਾ ਚੁੱਕਿਆ ਸੀ। ਮਾਸਟਰ ਦੇ ਵਾਪਸ ਪਾਰਟੀ ਨਾਲ ਜੁੜਨ ਕਾਰਨ ਸ੍ਰੀ ਖਹਿਰਾ ਪੂਰੀ ਤਰਾਂ ਇਕੱਲੇ ਪੈ ਗਏ ਹਨ ਕਿਉਂਕਿ ਉਨ੍ਹਾਂ ਵੱਲੋਂ ਆਪਣੀ ਪੰਜਾਬ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਇਸ ਵਿਧਾਇਕ ਨੂੰ ਛੱਡ ਕੇ ਬਾਕੀ ਸਾਰੇ ਬਾਗ਼ੀ ਵਿਧਾਇਕਾਂ- ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਨੇ ਉਨ੍ਹਾਂ ਤੋਂ ਦੂਰੀਆਂ ਬਣਾ ਲਈਆਂ ਸਨ। ਕੇਵਲ ਮਾਸਟਰ ਬਲਦੇਵ ਸਿੰਘ ਨੇ ਹੀ ਸ੍ਰੀ ਖਹਿਰਾ ਦੀ ਪਾਰਟੀ ਵਿਚ ਸ਼ਾਮਲ ਹੋ ਕੇ ਫਰੀਦਕੋਟ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਬੁਰੀ ਤਰ੍ਹਾਂ ਹਾਰੇ ਸਨ। ਉਨ੍ਹਾਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਮਾਮਲਾ ਵੀ ਸਪੀਕਰ ਕੋਲ ਪਿਆ ਹੈ। ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਕੋਟਲੀ ਨੇ ਦੱਸਿਆ ਕਿ ਮਾਸਟਰ ਬਲਦੇਵ ਸਿੰਘ ਦੀ ਸ੍ਰੀ ਮਾਨ ਤੇ ਹੋਰ ਆਗੂਆਂ ਨਾਲ ਕੇਵਲ ਕੁਝ ਮਿੰਟ ਹੋਈ ਮੀਟਿੰਗ ਦੌਰਾਨ ਹੀ ਉਨ੍ਹਾਂ ਨੇ ਪਾਰਟੀ ਨਾਲ ਚੱਲਣ ਦਾ ਫ਼ੈਸਲਾ ਲੈ ਲਿਆ ਸੀ। ਸ੍ਰੀ ਕੋਟਲੀ ਅਨੁਸਾਰ ਦੋਵਾਂ ਧਿਰਾਂ ਵੱਲੋਂ ਇਕੱਠੇ ਚੱਲਣ ਲਈ ਕੋਈ ਸ਼ਰਤ ਨਹੀਂ ਲਾਈ ਗਈ। ਮਨਜੀਤ ਸਿੱਧੂ ਨੇ ਦੱਸਿਆ ਕਿ ਮਾਸਟਰ ਬਲਦੇਵ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਖ਼ੁਦ ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕੇ ਪਰ ਉਨ੍ਹਾਂ ਪਾਰਟੀ ਨਾਲ ਮੁੜ ਜੁੜਨ ਬਾਰੇ ਸੋਸ਼ਲ ਮੀਡੀਆ ਉਤੇ ਜ਼ਿਕਰ ਕਰ ਦਿੱਤਾ ਹੈ। ਬਲਦੇਵ ਸਿੰਘ ਨੇ ਲਿਖਿਆ ਹੈ ਕਿ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਦੇ ਭਲੇ ਲਈ ਸਾਡੇ ਦਿਲ ਤੇ ਦਰ ਹਰੇਕ ਲਈ ਖੁੱਲ੍ਹੇ ਹਨ ਅਤੇ ਉਹ (ਮਾਸਟਰ) ਤਾਂ ਆਪਣੇ ਹੀ ਹਨ। ਪਾਰਟੀ ਨਾਲ ਜੁੜੇ ਵਿਧਾਇਕਾਂ ਦੀ ਗਿਣਤੀ 12 ਹੋ ਗਈ ਹੈ। ਦੱਸਣਯੋਗ ਹੈ ਕਿ ਵਿਧਾਇਕ ਐਚਐੱਸ ਫੂਲਕਾ ਵੱਲੋਂ ਅਸਤੀਫਾ ਦੇਣ ਕਾਰਨ ਹੁਣ ‘ਆਪ’ ਦੇ ਵਿਧਾਇਕਾਂ ਦੀ ਕੁੱਲ ਗਿਣਤੀ 19 ਰਹਿ ਗਈ ਹੈ। ਜਿਨ੍ਹਾਂ ਵਿਚੋਂ ਦੋ- ਮਾਨਸ਼ਾਹੀਆ ਤੇ ਸੰਦੋਆ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ ਬਾਕੀ 5 ਵਿਧਾਇਕ- ਖਹਿਰਾ, ਸੰਧੂ, ਜੱਗਾ, ਕਮਾਲੂ ਤੇ ਪਿਰਮਲ ਸਿੰਘ ਬਾਗੀ ਚੱਲ ਰਹੇ ਹਨ।