ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਤੇ ਖੁੱਲ੍ਹ ਕੇ ਬੋਲੇ ਅਨਮੋਲ ਕਵਾਤਰਾ
ਜਲੰਧਰ — ਸਮਾਜ ਸੇਵੀ ਤੇ ਫ਼ਿਲਮ ਅਦਾਕਾਰ ਅਨਮੋਲ ਕਵਾਤਰਾ ਨੇ ਹਾਲ ਹੀ 'ਚ ਸਮਾਜ ਸੇਵਾ ਲਈ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨਾਂ 'ਇੱਕ ਜ਼ਰੀਆ' ਹੈ। ਇਸ ਦੇ ਜਰੀਏ ਅਨਮੋਲ ਕਵਾਤਰਾ ਲੋੜਵੰਦ ਲੋਕਾਂ ਦੀ ਮਦਦ ਕਰਨਗੇ। ਇਸ ਤੋਂ ਇਲਾਵਾ ਅਨਮੋਲ ਕਵਾਤਰਾ ਨੇ ਆਪਣੇ ਕਰੀਬੀ ਦੋਸਤ ਤੇ ਪ੍ਰਸਿੱਧ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਸਤਨਾਮ ਦੀ ਮੌਤ 'ਤੇ ਗੱਲ ਕਰਦਿਆਂ ਕਿਹਾ, 'ਖੱਟੜਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਕੁਝ ਲੋਕ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਡੀ ਬਿਲਡਰਾਂ ਦਾ ਸਕੋਪ ਪੰਜਾਬ 'ਚ ਬਹੁਤ ਘੱਟ ਹੈ।'
ਜਗਬਾਣੀ ਨਾਲ ਗੱਲਬਾਤ ਕਰਦਿਆਂ ਅਨਮੋਲ ਕਵਾਤਰਾ
ਇਸ ਤੋਂ ਇਲਾਵਾ ਅਨਮੋਲ ਕਵਾਤਰਾ ਨੇ ਕਿਹਾ ਕਿ ਮੈਂ ਕਿਸੇ ਐੱਨ. ਜੀ. ਓ 'ਚੋਂ ਕੋਈ ਪੈਸਾ ਨਹੀਂ ਖਾਂਧਾ। ਮੈਂ ਤਾਂ ਸਗੋਂ ਖ਼ੁਦ ਆਪਣੇ ਕੋਲੋਂ ਪੈਸੇ ਲਾ ਕੇ ਐੱਨ. ਜੀ. ਓ. ਚਲਾਉਂਦਾ ਹਾਂ। ਜਿਹੜੇ ਲੋਕੀ ਇਹ ਆਖ ਰਹੇ ਹਨ ਕਿ ਮੈਂ ਐੱਨ. ਜੀ. ਓ. 'ਚੋਂ ਪੈਸੇ ਖਾਂਧਾ ਹਾਂ, ਮੈਂ ਉਨ੍ਹਾਂ ਨੂੰ ਦੱਸ ਦਿਆਂ ਕਿ ਮੈਂ ਤਾਂ ਕਦੇ ਲੋਕਾਂ ਕੋਲੋਂ ਪੈਸੇ ਫੜ੍ਹੇ ਹੀ ਨਹੀਂ ਤਾਂ ਖਾਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਦੱਸ ਦਈਏ ਕਿ ਅਨਮੋਲ ਕਵਾਤਰਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਡੈਬਿਊ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ, 'ਜਦੋਂ ਮੈਨੂੰ ਮੇਰੀ ਪਹਿਲੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਲਈ ਪਹਿਲਾ ਚੈੱਕ (ਮੇਰੀ ਕਮਾਈ ਮੈਨੂੰ ਮਿਲੀ) ਮਿਲਿਆ ਤਾਂ ਮੈਂ ਬਹੁਤ ਭਾਵੁਕ ਹੋ ਗਿਆ ਸੀ।'