ਬਾਦਲਾਂ ਲਈ ਮੁੱਛ ਦਾ ਸਵਾਲ ਬਣੀ ਢੀਂਡਸਿਆਂ ਦੇ ਗੜ੍ਹ ਚ ਰੱਖੀ ਰੈਲੀ
ਸੰਗਰੂਰ : ਢੀਂਡਸਾ ਪਰਿਵਾਰ ਨਾਲ ਰਿਸ਼ਤਿਆਂ 'ਚ ਤਰੇੜ ਆਉਣ ਤੋਂ ਬਾਅਦ ਸੰਗਰੂਰ ਵਿਚ 2 ਫਰਵਰੀ ਨੂੰ ਰੱਖੀ ਰੈਲੀ ਬਾਦਲਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ। ਇਸ ਰੈਲੀ ਨੂੰ ਸਫਲ ਬਨਾਉਣ ਲਈ ਅਤੇ ਸਿਆਸੀ ਹਲਕਿਆਂ 'ਚ ਆਪਣੀ ਸਾਖ ਬਚਾਉਣ ਲਈ ਅਕਾਲੀ ਦਲ ਵਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਸਿਆਸੀ ਹਲਕਿਆਂ ਵਿਚ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਢੀਂਡਸਿਆਂ ਦੇ ਗੜ੍ਹ ਵਿਚ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਰੈਲੀ ਨੂੰ ਚੁਣੌਤੀ ਵਜੋਂ ਲੈ ਰਿਹਾ ਹੈ ਕਿਉਂਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਨਿਰੋਲ ਸੰਗਰੂਰ ਜ਼ਿਲੇ ਦਾ ਇਕੱਠ ਕਰਕੇ ਵਿਖਾਉਣ। ਇਹੋ ਕਾਰਨ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਢੀਂਡਸਿਆਂ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ।
ਇਸ ਰੈਲੀ ਦੀ ਸਫ਼ਲਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਪੱਬਾਂ ਭਾਰ ਹਨ।ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਮੀਟਿੰਗਾਂ ਕਰ ਕੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਹੈ ਤੇ ਸਾਰੇ ਹਲਕਾ ਇੰਚਾਰਜਾਂ ਨੂੰ ਵੱਧ ਤੋਂ ਵੱਧ ਇਕੱਠ ਕਰਨ ਦੇ ਹੁਕਮ ਦਿੱਤੇ ਗਏ ਹਨ। ਪਿਛਲੇ ਦੋ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਵਿਨਰਜੀਤ ਸਿੰਘ ਗੋਲਡੀ ਸਥਾਨਕ ਅਨਾਜ ਮੰਡੀ ਵਿਚ ਰੈਲੀ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ।
ਦੂਜੇ ਪਾਸੇ ਬੀਤੇ ਦਿਨੀਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਰੈਲੀ ਵਾਲੇ ਸਥਾਨ 'ਤੇ ਦੋਵਾਂ ਜ਼ਿਲਿਆਂ ਦੇ ਹਲਕਾ ਇੰਚਾਰਜਾਂ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮਲੂਕਾ ਨੇ ਦਾਅਵਾ ਕੀਤਾ ਕਿ ਰੈਲੀ ਨਿਰੋਲ ਸੰਗਰੂਰ ਤੇ ਬਰਨਾਲਾ ਜ਼ਿਲਿਆਂ ਦੀ ਹੋਵੇਗੀ। ਦੋਵਾਂ ਜ਼ਿਲਿਆਂ ਲਈ 1100 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਇਹ ਰੈਲੀ ਪੰਜਾਬ ਸਰਕਾਰ ਦੇ ਖ਼ਿਲਾਫ਼ ਹੈ ਪਰ ਢੀਂਡਸਾ ਪਿਤਾ-ਪੁੱਤਰ ਬਿਨਾਂ ਵਜ੍ਹਾ ਇਸ ਨੂੰ ਆਪਣੇ ਨਾਲ ਜੋੜ ਰਹੇ ਹਨ।ਉਨ੍ਹਾਂ ਰੈਲੀ ਲਈ ਐੱਸਜੀਪੀਸੀ ਨੂੰ ਵਰਤਣ ਦੇ ਢੀਂਡਸਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਇਹ ਦੋਸ਼ ਸਾਬਤ ਕਰਨ ਤਾਂ ਉਹ ਸਾਰੇ ਸਿਆਸਤ ਛੱਡ ਦੇਣਗੇ ਜਾਂ ਫ਼ਿਰ ਢੀਂਡਸੇ ਘਰ ਬੈਠ ਜਾਣ। ਉਨ੍ਹਾਂ ਕਿਹਾ ਕਿ 2 ਫਰਵਰੀ ਦੀ ਰੈਲੀ ਮਗਰੋਂ ਢੀਂਡਸਾ ਪਿਤਾ-ਪੁੱਤਰ ਨੂੰ ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿਚ ਭਾਜਪਾ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ।