ਬਾਬਾ ਨਾਨਕ ਦੇ ਅਯੁੱਧਿਆ ਦੌਰੇ ਤੋਂ ਰਾਮ ਜਨਮਭੂਮੀ ਹੋਣ ਦੇ ਪ੍ਰਮਾਣ: ਸੁਪਰੀਮ ਕੋਰਟ

ਬਾਬਾ ਨਾਨਕ ਦੇ ਅਯੁੱਧਿਆ ਦੌਰੇ ਤੋਂ ਰਾਮ ਜਨਮਭੂਮੀ ਹੋਣ ਦੇ ਪ੍ਰਮਾਣ: ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅਯੁੱਧਿਆ ਕੇਸ ਦਾ ਅੱਜ ਨਿਬੇੜਾ ਕਰਦਿਆਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਦਾ ਵੀ ਹਵਾਲਾ ਦਿੱਤਾ ਹੈ ਜਿਥੇ ਉਨ੍ਹਾਂ 1510-11 ਈਸਵੀ ’ਚ ਭਗਵਾਨ ਰਾਮ ਦੀ ਜਨਮਭੂਮੀ ’ਤੇ ਚਰਨ ਪਾਏ ਸਨ। ਸੁਪਰੀਮ ਕੋਰਟ ਮੁਤਾਬਕ ਇਹ ਹਵਾਲਾ ਹਿੰਦੂਆਂ ਦੇ ਵਿਸ਼ਵਾਸ ਕਿ ਵਿਵਾਦਤ ਥਾਂ ਭਗਵਾਨ ਰਾਮ ਦੇ ਜਨਮ ਅਸਥਾਨ ਨਾਲ ਸਬੰਧਤ ਹੈ, ਦੀ ਹਮਾਇਤ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਦੌਰੇ ਦਾ ਜ਼ਿਕਰ ਉਸ ਸਮੇਂ ਹੋ ਰਿਹਾ ਹੈ ਜਦੋਂ ਦੁਨੀਆਂ ਭਰ ’ਚ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਜਨਮ ਸਾਖੀਆਂ ’ਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਗਏ ਸਨ ਜਿਥੇ ਉਨ੍ਹਾਂ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ ਸਨ। ਇਹ ਹਵਾਲੇ ਕੇਸ ਦੌਰਾਨ ਸਾਂਝੇ ਕੀਤੇ ਗਏ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ’ਤੇ ਆਧਾਰਿਤ ਸੰਵਿਧਾਨਕ ਬੈਂਚ ਨੇ ਕਿਹਾ ਕਿ ਇਕ ਜੱਜ ਨੇ ਭਗਵਾਨ ਰਾਮ ਦੇ ਜਨਮ ਅਸਥਾਨ ਬਾਰੇ ਵੱਖਰੀ ਰਾਏ ਦਰਜ ਕਰਵਾਈ ਹੈ। ਇਸ ਜੱਜ ਦਾ ਨਾਮ ਨਹੀਂ ਦੱਸਿਆ ਗਿਆ ਹੈ ਪਰ ਉਸ ਨੇ ਕਿਹਾ ਕਿ ਰਾਮ ਜਨਮਭੂਮੀ ਦੀ ਅਸਲ ਥਾਂ ਬਾਰੇ ਕੋਈ ਪੁਖ਼ਤਾ ਸਮੱਗਰੀ ਨਹੀਂ ਹੈ ਪਰ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਤੋਂ ਸਾਬਿਤ ਹੁੰਦਾ ਹੈ ਕਿ ਸ਼ਰਧਾਲੂ 1528 ਈਸਵੀ ਤੋਂ ਪਹਿਲਾਂ ਵੀ ਉਥੇ ਭਗਵਾਨ ਰਾਮ ਦੀ ਜਨਮਭੂਮੀ ਦੇ ਦਰਸ਼ਨ ਕਰਨ ਜਾਂਦੇ ਸਨ। ਸੁਪਰੀਮ ਕੋਰਟ ’ਚ ਦੱਸਿਆ ਗਿਆ ਹੈ ਕਿ ਬਾਬਰੀ ਮਸਜਿਦ ਮੁਗਲ ਬਾਦਸ਼ਾਹ ਬਾਬਰ ਨੇ 1528 ਈਸਵੀ ’ਚ ਬਣਵਾਈ ਸੀ। ਜੱਜ ਨੇ ਕਿਹਾ ਕਿ ਭਗਵਾਨ ਰਾਮ ਦੇ ਜਨਮ ਅਸਥਾਨ ਬਾਬਤ ਵਾਲਮੀਕਿ ਰਾਮਾਇਣ ਅਤੇ ਸਕੰਦ ਪੁਰਾਣ ਸਮੇਤ ਹੋਰ ਧਾਰਮਿਕ ਗ੍ਰੰਥਾਂ ਤੋਂ ਮਿਲਦੇ ਵੇਰਵਿਆਂ ਨੂੰ ਆਧਾਰਹੀਣ ਨਹੀਂ ਮੰਨਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚਾਰ ਨੰਬਰ ਮੁਕੱਦਮੇ ਦੇ ਇਕ ਗਵਾਹ ਨੇ ਸਿੱਖ ਧਰਮ ਨਾਲ ਸਬੰਧਤ ਕਈ ਇਤਿਹਾਸਕ ਵੇਰਵਿਆਂ ਅਤੇ ਜਨਮ ਸਾਖੀਆਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਬਾਬਾ ਨਾਨਕ ਨੇ ਅਯੁੱਧਿਆ ’ਚ ਸ੍ਰੀ ਰਾਮ ਜਨਮਭੂਮੀ ਮੰਦਰ ਦੇ ਦਰਸ਼ਨ ਕੀਤੇ ਸਨ।

Radio Mirchi