ਬਾਬੂਲਾਲ ਮਰਾਂਡੀ ਵੱਲੋਂ ਭਾਜਪਾ ਵਿੱਚ ‘ਵਾਪਸੀ’ ਦੀ ਤਿਆਰੀ
ਚੌਦਾਂ ਸਾਲ ਪਹਿਲਾਂ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਵਾਲੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਅੱਜ ਭਗਵਾਂ ਪਾਰਟੀ ਵਿੱਚ ‘ਵਾਪਸੀ’ ਦਾ ਐਲਾਨ ਕੀਤਾ ਹੈ। ਮਰਾਂਡੀ ਨੇ ਐਲਾਨ ਕੀਤਾ ਕਿ ਉਹਦੀ ਝਾਰਖੰਡ ਵਿਕਾਸ ਮੋਰਚਾ (ਪ੍ਰਜਾਤਾਂਤਰਿਕ) ਪਾਰਟੀ ਦਾ ਫੌਰੀ ਪ੍ਰਭਾਵ ਤੋਂ ਭਾਜਪਾ ਵਿੱਚ ਰਲੇਵਾਂ ਹੋ ਜਾਵੇਗਾ। ਮਰਾਂਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਾਜਪਾ ਵਿੱਚ ਰਸਮੀ ਰਲੇਵੇਂ ਸਬੰਧੀ ਸਮਾਗਮ 17 ਫਰਵਰੀ ਨੂੰ ਜਗਨਨਾਥਪੁਰ ਮੈਦਾਨ, ਜਿਸ ਨੂੰ ਪ੍ਰਭਾਤ ਤਾਰਾ ਮੈਦਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਹੋਵੇਗਾ। ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਮੌਜੂਦਾ ਪ੍ਰਧਾਨ ਜੇ.ਪੀ.ਨੱਢਾ ਤੇ ਉਪ ਪ੍ਰਧਾਨ ਓਮ ਪ੍ਰਕਾਸ਼ ਮਾਥੁਰ ਵੀ ਮੌਜੂਦ ਰਹਿਣਗੇ।’
ਮਰਾਂਡੀ ਨੇ ਕਿਹਾ ਕਿ ਭਾਜਪਾ ਵਿੱਚ ਰਲੇਵੇਂ ਸਬੰਧੀ ਤਜਵੀਜ਼ ਨੂੰ ਸਰਬਸੰਮਤੀ ਨਾਲ ਪਾਸ ਕਰਨ ਮੌਕੇ ਜੇਵੀਐੱਮ-ਪੀ ਦੇ ਸਾਰੇ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਮੌਜੂਦ ਸਨ। ਜੇਵੀਐੱਮ-ਪੀ ਦੇ ਕੁੱਲ ਤਿੰਨ ਵਿਧਾਇਕ ਹਨ, ਪਰ ਇਨ੍ਹਾਂ ਵਿੱਚੋਂ ਦੋ- ਬੰਧੂ ਟਿਰਕੇ ਤੇ ਪ੍ਰਦੀਪ ਯਾਦਵ ਦੇ ਬਾਗ਼ੀ ਹੋਣ ਮਗਰੋਂ ਅੱਜ ਹੋਈ ਮੀਟਿੰਗ ਵਿੱਚ ਦੋਵਾਂ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਹੈ।