ਬਾਬੇ ਨਾਨਕ ਦੇ ਰੰਗ ਵਿੱਚ ਰੰਗਿਆ ਪਾਕਿਸਤਾਨ
ਡੇਰਾ ਬਾਬਾ ਨਾਨਕ-ਪਾਕਿਸਤਾਨ ਵਿਚ ਵੀ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਹੈ। ਵੱਖ-ਵੱਖ ਪਿੰਡਾਂ, ਕਸਬਿਆਂ ’ਚ ਉੱਥੋਂ ਦੇ ਬਾਸ਼ਿੰਦਿਆਂ ਨੇ ਘਰਾਂ ਨੂੰ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ ਹੈ। ਕਈ ਜਨਤਕ ਥਾਵਾਂ ’ਤੇ ਬਾਬੇ ਨਾਨਕ ਨਾਲ ਸਬੰਧਤ ਧਾਰਮਿਕ ਗੀਤ ਲੱਗੇ ਸੁਣਾਈ ਦਿੰਦੇ ਹਨ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ’ਤੇ ਬਾਬੇ ਨਾਨਕ ਦੀ ਵਡਿਆਈ ਕਰਦੇ ਗੀਤ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵੀਡੀਓ ਦਿਖਾਉਂਦਿਆਂ ਦੱਸਿਆ ਕਿ ਉੱਥੋਂ (ਪਾਕਿਸਤਾਨ) ਦੇ ਪਿੰਡ ਕਿਆਮਪੁਰਾ ਵਿਚ ਰੰਧਾਵਾ ਅਤੇ ਕਾਹਲੋਂ ਗੋਤ ਵਾਲੇ ਵੱਡੇ ਗਿਣਤੀ ਵਿਚ ਰਹਿੰਦੇ ਹਨ। ਘਰਾਂ ਵਿੱਚ ਲੜੀਆਂ ਲਾ ਕੇ ਰੌਸ਼ਨੀ ਕੀਤੀ ਜਾ ਰਹੀ ਹੈ। ਸ੍ਰੀ ਰੰਧਾਵਾ ਵੱਲੋਂ ਦਿਖਾਈ ਗਈ ਵੀਡੀਓ ਵਿਚ ਪਾਕਿਸਤਾਨ ਦੇ ਲੋਕ ਧਾਰਮਿਕ ਗੀਤ ‘550 ਸਾਲ ਗੁਰੂ ਨਾਨਕ ਦੇ ਨਾਲ, ਜੁੜੀਏ ਬਾਣੀ ਨਾਲ, ਬਾਬੇ ਦੀ ਬਾਣੀ ਨਾਲ’ ਸੁਣਾਈ ਦਿੰਦੇ ਹਨ। ਮੰਤਰੀ ਰੰਧਾਵਾ ਨੇ ਅਪੀਲ ਕੀਤੀ ਕਿ ਇਸ ਪਾਸੇ ਦੇ ਪਿੰਡਾਂ ਦੀਆਂ ਸੰਗਤਾਂ ਵੀ ਡੇਰਾ ਬਾਬਾ ਨਾਨਕ ਵਿਚ ਚੱਲ ਰਹੇ ਵੱਖ-ਵੱਖ ਕਾਰਜਾਂ ਵਿਚ ਸਹਿਯੋਗ ਦੇਣ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਪਿੰਡ ਦੋਦਾ, ਕੋਠਾ, ਬੂੜੇ, ਡੱਲਾ, ਫਤੂਹੀਚੱਕ, ਕੋਟਲਾ ਗੜਗਾਲ ਤੇ ਜਰਪਾਲ ਦੇ ਲੋਕ ਵੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਕਾਸ਼ ਪੁਰਬ ਲਈ ਤਿਆਰੀਆਂ ਖਿੱਚ ਰਹੇ ਹਨ। ਮੰਤਰੀ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਨਗਰਾਂ ਤੋਂ ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਸੰਸਥਾਵਾਂ ਦੇ ਮੋਹਤਬਰ ਡੇਰਾ ਬਾਬਾ ਨਾਨਕ ਦੀ ਚੁਫੇਰਿਓਂ ਨੁਹਾਰ ਬਦਲਣ ਲਈ ਭਰਪੂਰ ਯੋਗਦਾਨ ਪਾ ਰਹੇ ਹਨ।