ਬਾਹਰੋਂ ਆਉਣ ਵਾਲਿਆਂ ’ਤੇ ਹੋਵੇਗੀ ਸਖ਼ਤੀ: ਅਮਰਿੰਦਰ

ਬਾਹਰੋਂ ਆਉਣ ਵਾਲਿਆਂ ’ਤੇ ਹੋਵੇਗੀ ਸਖ਼ਤੀ: ਅਮਰਿੰਦਰ

ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਨਾਲ ਸਿੱਝਣ ਲਈ ਦੂਸਰੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਅਤੇ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਦਾਖਲ ਹੋਣ      ਵਾਲਿਆਂ ਦੀ ਸਖਤ ਜਾਂਚ ਕੀਤੇ ਜਾਣ ਦੀ ਹਦਾਇਤ ਕੀਤੀ ਹੈ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੇਸਬੁੱਕ ਉੱਤੇ ਆਪਣੇ ਹਫ਼ਤਾਵਾਰੀ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸੁਆਲ’ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਪੰਜਾਬੀ ਦਿੱਲੀ ਦੇ ਹਸਪਤਾਲ ਦੀ ਸਿਫਾਰਿਸ਼ ’ਤੇ ਪੰਜਾਬ ਵਿਚ ਇਲਾਜ ਲਈ ਆ ਸਕਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁੱਕਰਵਾਰ ਇੱਕੋ ਦਿਨ ’ਚ ਹੀ ਦਿੱਲੀ ਤੇ ਹਰਿਆਣਾ  ਤੋਂ 6500 ਵਾਹਨ ਪੰਜਾਬ ਦੀ ਸੀਮਾ ’ਚ ਦਾਖਲ ਹੋਏ ਹਨ ਜਿਸ ਨਾਲ ਕਰੀਬ 20 ਹਜ਼ਾਰ ਨਵੇਂ ਲੋਕ ਪੰਜਾਬ ਆਏ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਦਗੀ ਖਾਤਰ ਬੰਦਸ਼ਾਂ ਨੂੰ ਝੱਲਣ। ਕੈਪਟਨ ਨੇ ਕਿਹਾ ਕਿ ਸੂਬੇ ਵਿਚ ਇੱਕ ਮਹੀਨੇ ’ਚ ਕਰੀਬ 43 ਹਜ਼ਾਰ ਲੋਕ ਬਾਹਰੋਂ ਆਏ ਹਨ। ਉਨ੍ਹਾਂ ਕਿਹਾ ਕਿ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵੱਧ ਕੇਸ ਦੇਖੇ ਗਏ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ  ਟੈਸਟਿੰਗ ਵਧਣ ਕਰਕੇ ਹੋਰ ਕੇਸ ਰਿਕਾਰਡ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 165000 ਟੈਸਟ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਪਠਾਨਕੋਟ ਤੇ ਗੁਰਦਾਸਪੁਰ ਵਿਖੇ ਟੈਸਟਾਂ ਦੀ ਸਹੂਲਤ ਸ਼ੁਰੂ ਕੀਤੀ  ਜਾਵੇਗੀ। ਪੰਜਾਬ ਸਰਕਾਰ ਨੇ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਅਤੇ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰੇਲੂ ਏਕਾਂਤਵਾਸ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਿਹਤ ਸਿਸਟਮ ’ਤੇ ਬੋਝ ਨਾ ਪਵੇ। ਡਿਪਟੀ ਕਮਿਸ਼ਨਰਾਂ ਨੂੰ ਸਾਰੀਆਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਨੂੰ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਵਿਚ ਹੋਮ ਡਲਿਵਰੀ ਦੀ ਸਹੂਲਤ ਹੋਵੇਗੀ ਅਤੇ ਇਸੇ ਤਰ੍ਹਾਂ ਉਦਯੋਗਿਕ ਗਤੀਵਿਧੀ ’ਤੇ ਕੋਈ ਪਾਬੰਦੀ ਨਹੀਂ ਹੈ। 

Radio Mirchi