ਬਿਜਲੀ ਦਰਾਂ ਦਾ ਵਿਰੋਧ: ‘ਆਪ’ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ
ਚੰਡੀਗੜ੍ਹ ਪੁਲੀਸ ਵੱਲੋਂ ਕੀਤੀ ਗਈ ਪਾਣੀ ਦੀ ਬੁਛਾੜ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਹੌਸਲਿਆਂ ਨੂੰ ਪਸਤ ਨਾ ਕਰ ਸਕੀ। ਉਨ੍ਹਾਂ ਪੂਰੀ ਠੰਢ ਵਿਚ ਅੱਧੇ ਘੰਟੇ ਤੱਕ ਬੁਛਾੜਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਅਨੇਕਾਂ ਦੀਆਂ ਪੱਗਾਂ ਲਹਿ ਗਈਆਂ, ਕੱਪੜੇ ਭਿੱਜ ਗਏ, ਜ਼ਖ਼ਮੀ ਹੋ ਗਏ ਪਰ ਹੌਸਲੇ ਬੁਲੰਦ ਰਹੇ ਤੇ ਰੋਹੀਲੀ ਆਵਾਜ਼ ਵਿਚ ਉਹ ਕੈਪਟਨ ਸਰਕਾਰ ਵਿਰੁੱਧ ਨਾਅਰੇ ਗੂੰਜਾਉਂਦੇ ਰਹੇ। ਉਨ੍ਹਾਂ ਦੀ ਇਕੋ ਹੀ ਮੰਗ ਸੀ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਦਰਾਂ ’ਚ ਕੀਤਾ ਵਾਧਾ ਵਾਪਸ ਲਵੇ। ਪਾਣੀ ਦੀਆਂ ਤੇਜ਼ ਬੁਛਾੜਾਂ ’ਚ ਦੋ ਦਰਜਨ ਦੇ ਕਰੀਬ ਵਾਲੰਟੀਅਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨ ਦੀਆਂ ਅੱਖਾਂ ’ਤੇ ਕਾਫੀ ਸੱਟਾਂ ਲੱਗੀਆਂ ਹਨ।
‘ਆਪ’ ਆਗੂਆਂ ਅਤੇ ਵਾਲੰਟੀਅਰਾਂ ਨੇ ਬਿਜਲੀ ਦਰਾਂ ਵਿਚ ਵਾਧੇ ਦੇ ਰੋਸ ਵਜੋਂ ਸੈਕਟਰ ਚਾਰ ਵਿਚਲੇ ਐੱਮਐੱਲਏ ਹੋਸਟਲ ਵਿਚ ਰੈਲੀ ਕੀਤੀ। ਇਸ ਮਗਰੋਂ ਉਨ੍ਹਾਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਲ ਵਧਣ ਦਾ ਯਤਨ ਕੀਤਾ ਪਰ ਪੁਲੀਸ ਨੇ ਹੋਸਟਲ ਤੋਂ ਬਾਹਰ ਜਾਣ ਵਾਲੇ ਗੇਟ ’ਤੇ ਬੈਰੀਕੇਡ ਲਾਏ ਹੋਏ ਸਨ। ‘ਆਪ’ ਵਰਕਰਾਂ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਇਕ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਆਗੂ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਰੂਬੀ, ਕੁਲਦੀਪ ਧਾਲੀਵਾਲ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਜਦੋਂ ਬੈਰੀਕੇਡਾਂ ਤੋਂ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਜਲ ਤੋਪਾਂ ਰਾਹੀਂ ਪਾਣੀ ਦੀਆਂ ਬੁਛਾੜਾਂ ਨਾਲ ਅੰਦੋਲਨਕਾਰੀਆਂ ਨੂੰ ਖਦੇੜਨ ਦਾ ਯਤਨ ਕੀਤਾ। ਪਾਣੀ ਦੀਆਂ ਤੇਜ਼ ਬੁਛਾੜਾਂ ਕਾਰਨ ਭਗਵੰਤ ਮਾਨ, ਵਿਧਾਇਕ ਕੁਲਤਾਰ ਸੰਧਵਾਂ, ਜੈ ਕਿਸ਼ਨ ਰੋੜੀ, ਬਲਦੇਵ ਸਿੰਘ ਜੈਤੋ, ਮਨਜੀਤ ਬਿਲਾਸਪੁਰ ਸਮੇਤ ਅਨੇਕਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਅਮਨ ਅਰੋੜਾ ਸਮੇਤ ਕਈਆਂ ਦੇ ਸੱਟਾਂ ਲੱਗੀਆਂ। ਵਿਧਾਇਕ ਰੋੜੀ ਅਤੇ ਹੋਰ ਵਰਕਰ ਕੈਪਟਨ ਦੀ ਕੋਠੀ ਵੱਲ ਵਧਣ ਲਈ ਪੁਲੀਸ ਮੁਲਾਜ਼ਮਾਂ ਨਾਲ ਲਾਲ-ਪੀਲੇ ਹੁੰਦੇ ਰਹੇ। ਭਗਵੰਤ ਮਾਨ ਨੇ ਪਾਣੀ ਦੀਆਂ ਬੁਛਾੜਾਂ ਬੰਦ ਹੋ ਜਾਣ ਬਾਅਦ ਬੈਰੀਕੇਡ ’ਤੇ ਬੈਠ ਕੇ ਕਿਹਾ ਕਿ ਉਨ੍ਹਾਂ ਦਾ ਗੁੱਸਾ ਇਨ੍ਹਾਂ ਬੁਛਾੜਾਂ ਨਾਲ ਠੰਢਾ ਹੋਣ ਵਾਲਾ ਨਹੀਂ ਹੈ। ਵਿਧਾਇਕ ਰੁਪਿੰਦਰ ਰੂਬੀ ਨੇ ਕਿਹਾ ਕਿ ਪਾਣੀ ਦੀਆਂ ਬੁਛਾੜਾਂ ਨਾਲ ਵਾਲੰਟੀਅਰ ਜ਼ਖ਼ਮੀ ਨਹੀਂ ਹੋਏ ਸਗੋਂ ਸੂਬੇ ਦੇ ਲੋਕ ਜ਼ਖ਼ਮੀ ਹੋਏ ਹਨ। ਵਰਕਰ ‘ਦਰਾਂ ਵਿਚ ਵਾਧਾ ਵਾਪਸ ਲਵੋ’, ‘ਬਿਜਲੀ ਮਾਫੀਆ ਮੁਰਦਾਬਾਦ’ ਅਤੇ ‘ਕੈਪਟਨ-ਸੁਖਬੀਰ ਮਾਫੀਆ ਮੁਰਦਾਬਾਦ’ ਦੇ ਨਾਅਰੇ ਲਾ ਰਹੇ ਸਨ। ਰੈਲੀ ਦੌਰਾਨ ਆਗੂਆਂ ਨੇ ਨੁਕਸਦਾਰ ਸਮਝੌਤਿਆਂ ਲਈ ਪਿਛਲੀ ਅਕਾਲੀ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੱਦੀ ਸੰਭਾਲਣ ਤੋਂ ਬਾਅਦ ਗੂੜ੍ਹੀ ਨੀਂਦ ਸੌਂ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਨਿੱਜੀ ਤਾਪ ਬਿਜਲੀ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ ਤਿੰਨ ਸਾਲ ਲੰਘਣ ਵਾਲੇ ਹਨ ਅਤੇ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ ਸਗੋਂ ਦਰਜਨ ਵਾਰ ਬਿਜਲੀ ਦਰਾਂ ਵਿਚ ਵਾਧਾ ਕਰਕੇ ਲੋਕਾਂ ’ਤੇ ਬੋਝ ਥੋਪੀ ਜਾ ਰਹੇ ਹਨ। ਬਾਅਦ ’ਚ ਪੁਲੀਸ ਆਗੂਆਂ ਸਮੇਤ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਇਸ ਦੌਰਾਨ ਹਰਪਾਲ ਚੀਮਾ ਅਤੇ ਰੂਬੀ ਦੀ ਅਗਵਾਈ ਵਿਚ ਢਾਈ ਦਰਜਨ ਦੇ ਕਰੀਬ ਵਰਕਰ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਨੇੜੇ ਪਹੁੰਚ ਗਏ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤਾਂ ਉਹ ਉਥੇ ਹੀ ਸੜਕ ’ਤੇ ਧਰਨੇ ਉਪਰ ਬੈਠ ਗਏ ਅਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਿਆਂ ਵਿਚ ਲਿਜਾ ਕੇ ਕੁਝ ਸਮੇਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਬਿਜਲੀ ਦਰਾਂ ’ਚ ਵਾਧੇ ਵਿਰੁੱਧ ‘ਆਪ’ ਵਿਧਾਨ ਸਭਾ ਦੇ ਸੈਸ਼ਨ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਇਜਲਾਸ ਦੋ ਦਿਨਾਂ ਵਾਸਤੇ ਵਧਾਉਣ ਦੀ ਮੰਗ ਕੀਤੀ। ‘ਆਪ’ ਆਗੂ ਜਸਬੀਰ ਸਿੰਘ ਕੁਦਨੀ, ਸੰਤੋਖ ਸਿੰਘ ਸਲਾਣਾ ਅਤੇ ਬਲਿਹਾਰਾ ਸਿੰਘ (77) ਦੀਆਂ ਅੱਖਾਂ ਨੂੰ ਸੱਟਾਂ ਲੱਗੀਆਂ ਹਨ। ਕੁਦਨੀ ਦੀ ਇਕ ਅੱਖ ਵੱਧ ਨੁਕਸਾਨੀ ਗਈ ਹੈ ਜਿਸ ਕਰਕੇ ਉਸ ਨੂੰ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਹੈ।