ਬਿਡੇਨ ਵੱਲੋਂ ‘ਹਨੇਰੇ’ ਦੇ ਟਾਕਰੇ ਲਈ ਇਕਜੁੱਟਤਾ ਦਾ ਸੱਦਾ

ਬਿਡੇਨ ਵੱਲੋਂ ‘ਹਨੇਰੇ’ ਦੇ ਟਾਕਰੇ ਲਈ ਇਕਜੁੱਟਤਾ ਦਾ ਸੱਦਾ

ਜੋਅ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰ ਲਈ ਹੈ। ਨਾਮਜ਼ਦਗੀ ਸਵੀਕਾਰ ਕਰਨ ਮੌਕੇ ਬਿਡੇਨ ਨੇ ਕਿਹਾ ਕਿ ਉਹ ‘ਰੌਸ਼ਨ ਭਵਿੱਖ ਦੇ ਹਾਮੀ ਬਣ ਕੇ ਆਉਣਗੇ।’ ਬਿਡੇਨ ਨੇ ਅਮਰੀਕੀ ਵੋਟਰਾਂ ਨੂੰ ‘ਹਨੇਰੇ ਦੀ ਰੁੱਤ ਤੋਂ ਪਾਰ ਪਾਉਣ ਲਈ’ ਇਕੱਠੇ ਹੋਣ ਦਾ ਸੱਦਾ ਦਿੱਤਾ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਅਮਰੀਕਾ ਨੂੰ ਲੰਮੇ ਸਮੇਂ ਤੋਂ ‘ਹਨੇਰੇ ਨੇ ਲਪੇਟਿਆ ਹੋਇਆ ਹੈ।’ ਚਾਰ ਦਿਨ ਚੱਲੀ ‘ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ’ ਦੇ ਆਖ਼ਰੀ ਦਿਨ ਬਿਡੇਨ (77) ਬਾਰੇ ਇਕ ਵੀਡੀਓ ਦਿਖਾਈ ਗਈ। ਇਸ ਵਿਚ ਸਾਬਕਾ ਉਪ ਰਾਸ਼ਟਰਪਤੀ ਦੀ ਜ਼ਿੰਦਗੀ ਤੇ ਕਰੀਅਰ, ਇਕ ਪਿਤਾ, ਪਤੀ ਅਤੇ ਸਿਆਸੀ ਆਗੂ ਵਜੋਂ ਉਨ੍ਹਾਂ ਦੀ ਭੂਮਿਕਾ ’ਤੇ ਨਜ਼ਰ ਪਾਈ ਗਈ। ਬਿਡੇਨ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਕੋਈ ਫ਼ਰਕ ਨਹੀਂ ਕਰਨਗੇ। ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਅਤੇ ਨਾ ਦੇਣ ਵਾਲੇ, ਹਰ ਕਿਸੇ ਲਈ ਕੰਮ ਕਰਨਗੇ।  ਡੈਮੋਕਰੈਟ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਇਸ ਗੱਲ ’ਤੇ ਯਕੀਨ ਕੀਤਾ ਹੈ ਕਿ ਅਮਰੀਕਾ ਸੰਭਾਵਨਾਵਾਂ ਦਾ ਦੂਜਾ ਨਾਂ ਹੈ। ਇਕਜੁੱਟ ਅਮਰੀਕਾ ਹੀ ਸਾਡੇ ਪਰਿਵਾਰਾਂ ਦੇ ਰੌਸ਼ਨ ਭਵਿੱਖ ਦੀ ਤਰਜ਼ਮਾਨੀ ਕਰਦਾ ਹੈ। ਟਰੰਪ ’ਤੇ ਨਿਸ਼ਾਨਾ ਸੇਧਦਿਆਂ ਬਿਡੇਨ ਨੇ ਕਿਹਾ ਰਾਸ਼ਟਰਪਤੀ ਦੇ ਕਾਰਜਕਾਲ ਵਿਚ ‘ਬਹੁਤ ਜ਼ਿਆਦਾ ਗੁੱਸਾ ਫੁੱਟ ਕੇ ਸਾਹਮਣੇ ਆਇਆ ਹੈ, ਡਰ ਬਹੁਤ ਹੈ, ਵੰਡੀਆਂ ਵੀ ਵੱਡੇ ਪੱਧਰ ਉਤੇ ਪਾਈਆਂ ਗਈਆਂ ਹਨ।’ 

Radio Mirchi