ਬਿਨਾ ਮਾਸਕ ਦੇ ਲੈਬ ਘੁੰਮੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ
ਵਾਸ਼ਿੰਗਟਨ- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਮਿਨੀਸੋਟਾ ਵਿਚ ਮੇਯੋ ਕਲੀਨਿਕ ਦਾ ਦੌਰਾ ਕਰਨ ਸਮੇਂ ਮਾਸਕ ਨਹੀਂ ਲਗਾਇਆ ਅਤੇ ਇਸ ਲਈ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ। ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਪੇਂਸ ਬਿਨਾ ਮਾਸਕ ਦੇ ਮੇਯੋ ਦੇ ਕਰਮਚਾਰੀ ਨੂੰ ਮਿਲ ਰਹੇ ਸਨ, ਜੋ ਕੋਵਿਡ-19 ਨੂੰ ਹਰਾ ਕੇ ਠੀਕ ਹੋਇਆ ਹੈ, ਜਦੋਂ ਕਿ ਕਮਰੇ ਵਿਚ ਮੌਜੂਦ ਹੋਰ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ।
ਪੇਂਸ ਜਦੋਂ ਮੇਯੋ ਦੀ ਲੈਬ ਵਿਚ ਗਏ ਤਦ ਵੀ ਉਨ੍ਹਾਂ ਨੇ ਮਾਸਕ ਲਗਾਉਣਾ ਜ਼ਰੂਰੀ ਨਹੀਂ ਸਮਝਿਆ। ਜਦੋਂ ਕਿ ਇਸ ਲੈਬ ਵਿਚ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾਂਦੀ ਹੈ। ਕੋਰੋਨਾ ਵਾਇਰਸ ਨਾਲ ਠੀਕ ਹੋਇਆ ਇਹ ਕਰਮਚਾਰੀ ਹੁਣ ਦੂਜੇ ਲੋਕਾਂ ਦੇ ਇਲਾਜ ਲਈ ਪਲਾਜ਼ਮਾ ਦੇ ਰਿਹਾ ਹੈ। ਕੋਰੋਨਾ ਵਾਇਰਸ ਦੀ ਜਾਂਚ ਅਤੇ ਖੋਜ ਪ੍ਰੋਗਰਾਮ 'ਤੇ ਗੋਲਮੇਜ਼ ਚਰਚਾ ਦੌਰਾਨ ਸਿਰਫ ਪੇਂਸ ਨੇ ਹੀ ਮਾਸਕ ਨਹੀਂ ਲਗਾਇਆ ਸੀ ਜਦੋਂ ਕਿ ਫੂਡ ਐਂਡ ਡਰੱਗਜ਼ ਪ੍ਰਸ਼ਾਸਨ ਦੇ ਮੁਖੀ ਸਟੀਫਨ ਹੈਨ, ਮੇਯੋ ਦੇ ਉੱਚ ਅਧਿਕਾਰੀ, ਗਵਰਨਰ ਟਿਮ ਵਾਲਜ਼ ਅਤੇ ਅਮਰੀਕੀ ਪ੍ਰਤੀਨਿਧੀ ਜਿਮ ਹੈਗੇਡੋਰਨ ਸਣੇ ਹੋਰ ਲੋਕਾਂ ਨੇ ਮਾਸਕ ਲਗਾਇਆ ਹੋਇਆ ਸੀ।
ਇਸ ਸਬੰਧੀ ਮੇਯੋ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਆਉਣ ਤੋਂ ਪਹਿਲਾਂ ਆਪਣੀ ਨੀਤੀ ਬਾਰੇ ਜਾਣਕਾਰੀ ਦਿੱਤੀ ਸੀ। ਇਹ ਟਵੀਟ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਉੱਥੇ ਹੀ, ਉਪ ਰਾਸ਼ਟਰਪਤੀ ਦੇ ਦਫਤਰ ਨੇ ਫਿਲਹਾਲ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਪੇਂਸ ਨੇ ਮਾਸਕ ਕਿਉਂ ਨਹੀਂ ਲਗਾਇਆ ਸੀ।
ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਹੋ ਗਈ ਹੈ। ਅਮਰੀਕਾ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਅਤੇ ਇਸ ਕਾਰਨ ਹੁਣ ਤੱਕ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।