ਬਿਪਤਾ ਦੀ ਘੜੀ: ਵੱਡੇ ਘਰਾਂ ਨੇ ਦਸਵੰਧ ਲਈ ਹੱਥ ਘੁੱਟੇ
ਪੰਜਾਬ ਦੇ ਦਰਜਨਾਂ ਸਿਆਸੀ ਘਰ ਆਪਣੀ ਪੈਨਸ਼ਨਾਂ ਦੀ ਪੰਡ ਵਿਚੋਂ ਕਰੋਨਾ ਆਫ਼ਤ ਰਾਹਤ ਫੰਡਾਂ ਲਈ ਦਸਵੰਧ ਕੱਢਣਗੇ ਜਾਂ ਨਹੀਂ, ਇਹ ਨਵੀਂ ਸਿਆਸੀ ਚਰਚਾ ਛਿੜੀ ਹੈ ਤੇ ਪੰਜਾਬ ਦੇ ਲੋਕ ਉੱਤਰ ਉਡੀਕ ਰਹੇ ਹਨ। ਮਸਲਾ ਸਿਆਸੀ ਵੀ ਬਣਨ ਲੱਗਾ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਤੂਲ ਫੜਨ ਲੱਗਾ ਹੈ। ਆਮ ਆਦਮੀ ਪਾਰਟੀ ਨੇ ਖੁੱਲ੍ਹੇਆਮ ਵੰਗਾਰ ਪਾਈ ਹੈ ਕਿ ਇਕ ਤੋਂ ਵੱਧ ਟਰਮਾਂ ਦੀ ਪੈਨਸ਼ਨ ਲੈਣ ਵਾਲੇ ਨੇਤਾ ਰਾਹਤ ਫੰਡ ’ਚ ਵਿੱਤੀ ਯੋਗਦਾਨ ਪਾਉਣ।
ਵੇਰਵਿਆਂ ਅਨੁਸਾਰ ਸਿਆਸੀ ਆਗੂਆਂ ਨੂੰ ਇਹ ਛੋਟ ਹੈ ਕਿ ਉਹ ਇੱਕੋ ਸਮੇਂ ਦੋ ਪੈਨਸ਼ਨਾਂ (ਬਤੌਰ ਸਾਬਕਾ ਵਿਧਾਇਕ ਅਤੇ ਬਤੌਰ ਸੰਸਦ ਮੈਂਬਰ) ਲੈ ਸਕਦੇ ਹਨ। 17ਵੀਂ ਲੋਕ ਸਭਾ ਵਿਚ ਦੇਸ਼ ਭਰ ’ਚੋਂ ਮੌਜੂਦਾ ਸਮੇਂ 181 ਸੰਸਦ ਮੈਂਬਰ ਹਨ, ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਐੱਮ.ਪੀ ਦੀ ਤਨਖਾਹ ਤੇ ਭੱਤੇ ਦੇ ਨਾਲ ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਪੰਜਾਬ ਦੇ ਅੱਠ ਸੰਸਦ ਮੈਂਬਰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈ ਰਹੇ ਹਨ। ਤਨਖ਼ਾਹਾਂ ਤੇ ਭੱਤਿਆਂ ਦੀ ਇਨ੍ਹਾਂ ਦੇ ਘਰਾਂ ਵਿਚ ਝੜੀ ਲੱਗੀ ਹੋਈ ਹੈ। ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਕੱਟ ਲੱਗ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਥੀ ਵਾਰ ਲੋਕ ਸਭਾ ਮੈਂਬਰ ਬਣੇ ਹਨ। ਉਹ ਇੱਕ ਵਾਰ ਰਾਜ ਸਭਾ ਮੈਂਬਰ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ ਪੌਣੇ ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ ਜਦਕਿ ਬਤੌਰ ਐੱਮ.ਪੀ ਤਨਖਾਹ ਤੇ ਭੱਤੇ ਵੀ ਲੈ ਰਹੇ ਹਨ। ਉਹ ਪ੍ਰਾਈਵੇਟ ਚੈਨਲ ਕੋਲ ਖ਼ੁਦ ਮੰਨੇ ਹਨ ਕਿ ਉਨ੍ਹਾਂ ਨੇ ਕਿਸੇ ਰਾਹਤ ਫੰਡ ਵਿਚ ਨਿੱਜੀ ਤੌਰ ’ਤੇ ਕੋਈ ਰਾਸ਼ੀ ਨਹੀਂ ਦਿੱਤੀ। ਉਨ੍ਹਾਂ ਸੰਸਦੀ ਕੋਟੇ ਦੇ ਫੰਡ ਜ਼ਰੂਰ ਦਿੱਤੇ ਹਨ। ਪ੍ਰਨੀਤ ਕੌਰ ਵੀ ਚੌਥੀ ਵਾਰ ਐੱਮ.ਪੀ ਬਣੇ ਹਨ ਤੇ ਬਤੌਰ ਸਾਬਕਾ ਵਿਧਾਇਕ 75 ਹਜ਼ਾਰ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਬਕਾ ਐੱਮ.ਪੀ ਵਾਲੀ ਪੈਨਸ਼ਨ ਲੈ ਰਹੇ ਹਨ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕ ਵਾਲੀ ਪੌਣ ਦੋ ਲੱਖ ਰੁਪਏ ਪੈਨਸ਼ਨ, ਚੌਧਰੀ ਸੰਤੋਖ ਸਿੰਘ ਐੱਮ.ਪੀ ਵਾਲੀ ਤਨਖਾਹ ਤੇ ਭੱਤਿਆਂ ਤੋਂ ਇਲਾਵਾ ਸਾਬਕਾ ਵਿਧਾਇਕ ਵਜੋਂ ਪੌਣੇ ਦੋ ਲੱਖ ਰੁਪਏ ਪੈਨਸ਼ਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ 75 ਹਜ਼ਾਰ ਰੁਪਏ ਪੈਨਸ਼ਨ ਲੈ ਰਹੇ ਹਨ। ਇੰਜ ਹੀ ਮੁਹੰਮਦ ਸਦੀਕ ਵੀ ਦੋਹਰਾ ਗੱਫਾ ਲੈ ਰਹੇ ਹਨ। ਬਲਵਿੰਦਰ ਸਿੰਘ ਭੂੰਦੜ ਤੀਜੀ ਦਫ਼ਾ ਰਾਜ ਸਭਾ ਮੈਂਬਰ ਬਣੇ ਹਨ ਜਦੋਂਕਿ ਉਹ ਪੰਜ ਵਾਰ ਵਿਧਾਇਕ ਰਹੇ ਹਨ। ਭੂੰਦੜ ਨੂੰ ਬਤੌਰ ਸਾਬਕਾ ਵਿਧਾਇਕ ਪੌਣੇ ਤਿੰਨ ਲੱਖ ਰੁਪਏ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਸਵਾ ਦੋ ਲੱਖ ਰੁਪਏ ਪੈਨਸ਼ਨ ਮਿਲਦੀ ਹੈ, ਜੋ ਤੀਜੀ ਵਾਰ ਰਾਜ ਸਭਾ ਮੈਂਬਰ ਬਣੇ ਹਨ। ਐੱਮ.ਪੀ ਸ਼ਮਸ਼ੇਰ ਸਿੰਘ ਦੂਲੋ ਸਵਾ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। 17ਵੀਂ ਲੋਕ ਸਭਾ ਵਿਚ 22 ਐੱਮ.ਪੀ ਉਹ ਵੀ ਹਨ, ਜੋ ਪਹਿਲਾਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ।
ਪੰਜਾਬ ਦੇ ਇਸ ਵੇਲੇ 268 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਪ੍ਰਤੀ ਵਿਅਕਤੀ 3.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 5.25 ਲੱਖ ਦੀ ਪੈਨਸ਼ਨ ਦੇ ਹੱਕਦਾਰ ਬਣ ਚੁੱਕੇ ਹਨ। ਪਿਛਲੇ ਅਰਸੇ ਦੌਰਾਨ ਬੁਢਾਪਾ ਪੈਨਸ਼ਨ ਤਿੰਨ ਵਾਰ ਅਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ 120 ਗੁਣਾ ਵਧੀ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 30 ਫ਼ੀਸਦੀ ਕੱਟ ਲਗਾਏ ਜਾਣ ਬਾਰੇ ਵਿਚਾਰ ਕਰ ਰਹੀ ਹੈ। ਇਕ ਦਿਨ ਦੀ ਤਨਖਾਹ ਕੱਟਣ ਦੀ ਗੱਲ ਵੀ ਤੁਰੀ ਹੈ। ਪੰਜਾਬ ਵਿਚ ਹਰ ਤਰ੍ਹਾਂ ਦੇ ਕਰੀਬ 3.77 ਲੱਖ ਮੁਲਾਜ਼ਮ ਹਨ। ਪੰਜਾਬ ਐਂਡ ਯੂ.ਟੀ ਪੈਨਸ਼ਨਜ਼ ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਪਹਿਲਾਂ ਸਰਕਾਰ ਖ਼ੁਦ ਆਦਰਸ਼ ਬਣੇ। ਸਿਆਸੀ ਲੋਕ ਆਪਣੀ ਨਿੱਜੀ ਸੰਪਤੀ ਚੋਂ ਆਫ਼ਤ ਰਾਹਤ ਫੰਡ ਲਈ ਦਸਵੰਧ ਕੱਢਣ। ਇੱਕ ਤੋਂ ਜਿਆਦਾ ਪੈਨਸ਼ਨਾਂ ਲੈਣੀਆਂ ਬੰਦ ਕਰਨ।