ਬੀ ਪਰਾਕ ਦੇ ਬੇਟੇ ਦੇ ਪਹਿਲੇ ਲੋਹੜੀ ਪ੍ਰੋਗਰਾਮ ਮੌਕੇ ਪੰਜਾਬੀ ਸਿਤਾਰਿਆਂ ਨੇ ਇੰਝ ਲਾਈ ਮਹਿਫਿਲ
ਚੰਡੀਗੜ੍ਹ – ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੀ ਪਰਾਕ ਆਪਣੇ ਪਰਿਵਾਰ ਨਾਲ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਵਲੋਂ ਬੇਟੇ ਅਦਾਬ ਬੱਚਨ ਦੀ ਪਹਿਲੀ ਲੋਹੜੀ ਮੌਕੇ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦੀਆਂ ਤਸਵੀਰਾਂ ਤੇ ਵੀਡੀਓਜ਼ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰੋਗਰਾਮ ਦੀਆਂ ਕੁਝ ਵੀਡੀਓਜ਼ ਗਾਇਕ ਰੇਸ਼ਮ ਸਿੰਘ ਅਨਮੋਲ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਪੰਜਾਬੀ ਗਾਇਕ ਮਹਿਫਿਲ ਲਗਾਉਂਦੇ ਨਜ਼ਰ ਆ ਰਹੇ ਹਨ।
ਰੇਸ਼ਮ ਸਿੰਘ ਅਨਮੋਲ ਵਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ’ਚ ਬੀ ਪਰਾਕ, ਐਮੀ ਵਿਰਕ, ਮਨਕੀਰਤ ਔਲਖ, ਜੱਸੀ ਗਿੱਲ, ਪਰਮੀਸ਼ ਵਰਮਾ, ਬੱਬਲ ਰਾਏ ਤੇ ਅਫਸਾਨਾ ਖ਼ਾਨ ਸਾਫ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਵੀ ਵੱਡੀ ਗਿਣਤੀ ’ਚ ਪੰਜਾਬੀ ਕਲਾਕਾਰ ਪ੍ਰੋਗਰਾਮ ’ਚ ਮੌਜੂਦ ਸਨ।
ਸੋਸ਼ਲ ਮੀਡੀਆ ’ਤੇ ਬੀ ਪਰਾਕ ਤੇ ਮੀਰਾ ਬੱਚਨ ਦੇ ਬੇਟੇ ਅਦਾਬ ਬੱਚਨ ਦੇ ਪਹਿਲੇ ਲੋਹੜੀ ਪ੍ਰੋਗਰਾਮ ਦੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਖੂਬ ਦੇਖਿਆ ਜਾ ਰਿਹਾ ਹੈ ਤੇ ਸ਼ੇਅਰ ਕੀਤਾ ਜਾ ਰਿਹਾ ਹੈ।