ਬੀਪੀਸੀਐੱਲ ਤੇ ਚਾਰ ਜਨਤਕ ਅਦਾਰਿਆਂ ਦਾ ਹਿੱਸਾ ਵੇਚਣ ਨੂੰ ਪ੍ਰਵਾਨਗੀ
ਕੇਂਦਰੀ ਮੰਤਰੀ ਮੰਡਲ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਸਮੇਤ ਜਨਤਕ ਖੇਤਰ ਦੀਆਂ ਪੰਜ ਬਲੂ-ਚਿੱਪ ਇਕਾਈਆਂ ’ਚ ਸਰਕਾਰੀ ਹਿੱਸਾ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦੱਸਿਆ ਕਿ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਕੰਟੇਨਰ ਕਾਰਪੋਰੇਸ਼ਨ ਆਫ਼ ਇਡੀਆ ਦੀ ਹਿੱਸੇਦਾਰੀ ਵੀ ਵੇਚੀ ਜਾਵੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੁਮਾਲੀਗੜ੍ਹ ਰਿਫਾਇਨਰੀ ਨੂੰ ਛੱਡ ਕੇ ਬੀਪੀਸੀਐੱਲ ’ਚ ਆਪਣੇ 53.29 ਫ਼ੀਸਦੀ ਹਿੱਸੇ ਨੂੰ ਵੇਚੇਗੀ। ਇਸ ਤੋਂ ਇਲਾਵਾ ਸਰਕਾਰ ਟੀਐੱਚਡੀਸੀ ਇੰਡੀਆ ਅਤੇ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ’ਚੋਂ ਵੀ ਆਪਣਾ ਹਿੱਸਾ ਵੇਚੇਗੀ। ਇਸ ਦੌਰਾਨ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ 42 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿੰਦਿਆਂ ਦੋ ਸਾਲਾਂ ਲਈ ਸਪੈੱਕਟਰਮ ਅਦਾਇਗੀ ਮੁਲਤਵੀ ਕਰ ਦਿੱਤੀ।