ਬੇਅਦਬੀ ਕਾਂਡ ਸਬੰਧੀ ਸਿੱਧੂ ਨੇ ਇਨਸਾਫ ਮੰਗਿਆ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਨਿਆਂ ਪ੍ਰਾਪਤ ਕਰਨ ਲਈ ਜੰਗ ਜਾਰੀ ਹੈ, ਜੋ ਅਗਾਂਹ ਵੀ ਜਾਰੀ ਰਹੇਗੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੂਰਾ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦਾ ਹੈ। ਇਨਸਾਫ ਲਈ ਜੰਗ ਜਾਰੀ ਹੈ। ਪੰਜਾਬ ਦੇ ਲੋਕ ਇਸ ਮਾਮਲੇ ’ਚ ਇਨਸਾਫ ਮੰਗਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜ ਸਤੰਬਰ 2018 ਨੂੰ ਬਹਿਬਲ ਕਲਾਂ ਵਿੱਚ ਉਨ੍ਹਾਂ ਇਨਸਾਫ ਲਈ ਵੰਗਾਰ ਲਾਈ ਸੀ। ਇਸ ਸਬੰਧੀ ਉਨ੍ਹਾਂ ਉਸ ਵੇਲੇ ਦੀ ਇਕ ਵੀਡੀਓ ਵੀ ਜਾਰੀ ਕੀਤੀ, ਜਿਸ ਵਿਚ ਉਹ ਬੇਅਦਬੀ ਕਾਂਡ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ਵਿਚ ਸਿੱਧੂ ਬਾਦਲਾਂ ਤੋਂ ਇਲਾਵਾ ਕੈਪਟਨ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲੈ ਚੁੱਕੇ ਹਨ।