ਬੇਅਦਬੀ ਦੀ ਕੋਸ਼ਿਸ਼ ਪਿੱਛੇ ਵੱਡੀ ਸਾਜਿ਼ਸ਼ ਤੇ ਕਮਾਂਡੋ ਟਰੇਨਿੰਗ: ਧਾਮੀ

ਬੇਅਦਬੀ ਦੀ ਕੋਸ਼ਿਸ਼ ਪਿੱਛੇ ਵੱਡੀ ਸਾਜਿ਼ਸ਼ ਤੇ ਕਮਾਂਡੋ ਟਰੇਨਿੰਗ: ਧਾਮੀ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦਾ ਯਤਨ ਕਰਨ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕਰਮਚਾਰੀਆਂ ਵਲੋਂ ਦੋ-ਤਿੰਨ ਵਾਰ ਦਰਸ਼ਨੀ ਡਿਉਢੀ ਤੋਂ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਕ ਵਾਰ ਟਾਸਕ ਫੋਰਸ ਨੇ ਉਸ ਕੋਲੋਂ ਪੁੱਛ-ਗਿੱਛ ਵੀ ਕੀਤੀ ਸੀ ਪਰ ਸ਼ਾਮ ਨੂੰ ਟਾਸਕ ਫੋਰਸ ਦੀ ਡਿਊਟੀ ਬਦਲਣ ਮਗਰੋਂ ਇਹ ਵਿਅਕਤੀ ਝਕਾਨੀ ਦੇ ਕੇ ਸੱਚਖੰਡ ਦੇ ਅੰਦਰ ਮੁੜ ਦਾਖ਼ਲ ਹੋ ਗਿਆ ਸੀ। ਇਹ ਖੁਲਾਸਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪਿੱਛੇ ਵੱਡੀ ਸਾਜ਼ਿਸ਼ ਹੈ ਤੇ ਜਿਸਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਉਸਨੂੰ ਕਮਾਂਡੋ ਟਰੇਨਿੰਗ ਦਿੱਤੀ ਗਈ ਲੱਗਦੀ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਘੋਖਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਲਈ ਆਪਣੀ ਵੱਖਰੀ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ, ਦੋ ਪੰਥਕ ਵਿਦਵਾਨ ਅਤੇ ਸਿੱਖ ਜਥੇਬੰਦੀਆਂ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਹ ਜਾਂਚ ਕਮੇਟੀ ਪੁਲੀਸ ਨਾਲ ਵੀ ਤਾਲਮੇਲ ਕਰੇਗੀ। ਸ਼੍ਰੋਮਣੀ ਕਮੇਟੀ ਨੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣ ਤੋਂ ਪਤਾ ਲੱਗਾ ਕਿ ਇਹ ਸ਼ੱਕੀ ਵਿਅਕਤੀ 18 ਦਸੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਹੈਰੀਟੇਜ ਸਟਰੀਟ ਰਾਹੀਂ ਜੱਲ੍ਹਿਆਂਵਾਲਾ ਬਾਗ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਸੀ। ਉਸ ਨੇ ਘੰਟਾ ਘਰ ਦਰਵਾਜ਼ੇ ਰਾਹੀਂ ਦਾਖ਼ਲ ਹੋਣ ਦਾ ਯਤਨ ਕੀਤਾ ਸੀ ਪਰ ਉਥੇ ਤਾਇਨਾਤ ਸੇਵਾਦਾਰਾਂ ਨੇ ਸ਼ੱਕ ਕਾਰਨ ਉਸ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਰੋਕੇ ਜਾਣ ਤੋਂ ਬਾਅਦ ਇਹ ਵਿਅਕਤੀ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਚਲਾ ਗਿਆ ਸੀ ਅਤੇ ਸਵੇਰੇ 9.40 ਵਜੇ ਲੰਗਰ ਘਰ ਵਾਲੇ ਪਾਸਿਉਂ ਅੰੰਦਰ ਦਾਖ਼ਲ ਹੋਇਆ। ਉਸ ਨੇ ਲੰਗਰ ਘਰ ਵਿਚ ਲੰਗਰ ਛੱਕਿਆ ਅਤੇ ਚਾਹ ਵੀ ਪੀਤੀ ਸੀ। ਸਵੇਰੇ 10.19 ਵਜੇ ਉਹ ਪਰਿਕਰਮਾ ਵਿਚ ਆਇਆ ਅਤੇ 10.34 ਵਜੇ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੇਖਿਆ ਗਿਆ ਪਰ ਉਸ ਨੇ ਮੱਥਾ ਨਹੀਂ ਟੇਕਿਆ। ਉਹ ਹਰਿ ਕੀ ਪਉੜੀ ਵਲੋਂ ਦਾਖ਼ਲ ਹੋਇਆ ਅਤੇ ਵਾਪਸ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ’ਤੇ ਚਲਾ ਗਿਆ ਸੀ। ਲਗਪਗ ਇਕ ਘੰਟਾ ਉਹ ਉਪਰ ਹੀ ਰਿਹਾ ਅਤੇ ਮੌਕੇ ਦੀ ਭਾਲ ਜਾਂ ਰੈਕੀ ਕਰਦਾ ਰਿਹਾ। ਕਰੀਬ ਪੌਣੇ 12 ਵਜੇ ਉਹ ਬਾਹਰ ਨਿਕਲਿਆ ਅਤੇ ਅਕਾਲ ਤਖ਼ਤ ਦੇ ਸਾਹਮਣੇ ਦਿਖਾਈ ਦਿੱਤਾ। ਕਰੀਬ ਪੌਣੇ ਤਿੰਨ ਵਜੇ ਉਸ ਨੇ ਦਰਸ਼ਨੀ ਡਿਉਢੀ ਰਾਹੀਂ ਅੰਦਰ ਜਾਣ ਦਾ ਯਤਨ ਕੀਤਾ ਪਰ ਸ਼ੱਕੀ ਹਾਲਤ ’ਚ ਦੇਖਦਿਆਂ ਉਥੇ ਤਾਇਨਾਤ ਸੇਵਾਦਾਰ ਨੇ ਉਸ ਨੂੰ ਬਾਹਰ ਕਰ ਦਿੱਤਾ। ਉਸ ਨੇ ਜਦੋਂ ਦੂਜੇ ਰਸਤੇ ਰਾਹੀਂ ਅੰਦਰ ਜਾਣ ਦਾ ਯਤਨ ਕੀਤਾ ਤਾਂ ਉਸ ਨੂੰ ਇਕ ਸ਼ਰਧਾਲੂ ਨੇ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ ਸੀ।
ਬੇਅਦਬੀ ਮਾਮਲਿਆਂ ਿਵੱਚ ਨਹੀਂ ਹੋਈ ਸ਼ਨਾਖ਼ਤ 
ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੇ ਯਤਨ ਦੀ ਵਾਪਰੀ ਘਟਨਾ ਦੇ ਸਬੰਧ ਵਿਚ ਪੁਲੀਸ ਨੂੰ ਹੁਣ ਤੱਕ ਦੋਸ਼ੀ ਦੀ ਸ਼ਨਾਖਤ ਅਤੇ ਪਤੇ ਬਾਰੇ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਬਾਇਓਮੀਟ੍ਰਿਕ ਵਿਧੀ ਰਾਹੀਂ ਪਛਾਣ ਦਾ ਯਤਨ ਵੀ ਅਸਫ਼ਲ ਰਿਹਾ। ਹੁਣ ਪੁਲੀਸ ਨੇ ਇਸ ਮਾਮਲੇ ਵਿਚ ਇਸ ਵਿਅਕਤੀ ਦੀ ਸ਼ਨਾਖ਼ਤ ਲਈ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਰਹਿਰਾਸ ਦੇ ਪਾਠ ਸਮੇਂ ਨਾ ਮਾਲੂਮ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦਾ ਯਤਨ ਕੀਤਾ ਗਿਆ ਸੀ, ਜਿਸ ਨੂੰ ਮੌਕੇ ’ਤੇ ਹਾਜ਼ਰ ਸੇਵਾਦਾਰਾਂ ਨੇ ਨਾਕਾਮ ਕਰ ਦਿੱਤਾ ਸੀ। ਇਸ ਵਿਅਕਤੀ ਦੀ ਪੁੱਛਗਿਛ ਦੌਰਾਨ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਦੌਰਾਨ ਮੌਤ ਹੋ ਗਈ ਸੀ। ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਅਣਪਛਾਤੇ ਦੀ ਸ਼ਨਾਖ਼ਤ ਪੁਲੀਸ ਨਹੀਂ ਕਰ ਸਕੀ ਹੈ। ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਤਾਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਦੇ ਅਧਾਰ ਉਤੇ ਪੁਲਿਸ ਕੇਸ ਦੀ ਤੈਅ ਤੱਕ ਪੁੱਜਦੀ। ਪੁਲੀਸ ਵਲੋਂ ਇਸ ਮ੍ਰਿਤਕ ਵਿਅਕਤੀ ਦੇ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਰਾਹੀਂ ਵੀ ਇਸ ਦੀ ਸ਼ਨਾਖਤ ਦਾ ਪਤਾ ਲਾਉਣ ਦਾ ਯਤਨ ਕੀਤਾ ਹੈ। ਪਰ ਇਹ ਯਤਨ ਵੀ ਸਫ਼ਲ ਨਹੀਂ ਹੋ ਸਕਿਆ। ਹੁਣ ਸ੍ਰੀ ਹਰਿਮੰਦਰ ਸਾਹਿਬ ਸਮੇਤ ਬਾਹਰਲੇ ਇਲਾਕੇ ਤੇ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਵਿਅਕਤੀ ਬਾਰੇ ਕੁਝ ਸੁਰਾਗ ਮਿਲ ਸਕੇ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਲੈਣ ਦੇ ਆਸ਼ੇ ਨਾਲ ਉਕਤ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਕਰਨ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਕਿ ਲਗਾਤਾਰ ਇਸ ਕੇਸ ਦੀ ਪੜਤਾਲ ਕਰ ਰਹੀ ਹੈ। ਪਰ ਹੁਣ ਤੱਕ ਦੀਆਂ ਕੋਸ਼ਿਸ਼ਾਂ ਵਿਚੋਂ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ।
ਕਪੂਰਥਲਾ ਮਾਮਲਾ: ਮੀਡੀਆ ਤੇ ਹੋਰਾਂ ਰਾਜਾਂ ਦੀ ਪੁਲੀਸ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ 
ਕਪੂਰਥਲਾ ਦੇ ਇਕ ਗੁਰਦੁਆਰੇ ਵਿਚ ਕਥਿਤ ਬੇਅਦਬੀ ਦੀ ਕੋਸ਼ਿਸ਼ ਉਤੇ ਕੁੱਟਮਾਰ ਕਰ ਕੇ ਹਲਾਕ ਕੀਤੇ ਗਏ ਵਿਅਕਤੀ ਦੀ ਗਰਦਨ ਤੇ ਸਰੀਰ ਦੇ ਹੋਰਨਾਂ ਹਿੱਸਿਆਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਦੇ 8 ਤੋਂ ਵੱਧ ਗਹਿਰੇ ਨਿਸ਼ਾਨ ਹਨ ਜੋ ਸੰਭਾਵੀ ਤੌਰ ’ਤੇ ਤਲਵਾਰ ਦੇ ਹਨ। ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੱਤਿਆ ਦਾ ਕੇਸ ਅਜੇ ਦਰਜ ਨਹੀਂ ਕੀਤਾ ਗਿਆ ਹੈ ਤੇ ਪਹਿਲ ਵਿਅਕਤੀ ਦੀ ਸ਼ਨਾਖ਼ਤ ਨੂੰ ਦਿੱਤੀ ਜਾ ਰਹੀ ਹੈ। ਇਸ ਲਈ ਮੀਡੀਆ ਤੇ ਹੋਰ ਰਾਜਾਂ ਦੀ ਪੁਲੀਸ ਨਾਲ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। 

Radio Mirchi