ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਾਂਗਰਸ ਦਾ ‘ਹੱਥ’: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨਾਲ ਕਿਸੇ ਵੀ ਵਿਅਕਤੀ ਨੂੰ ਖਿਲਵਾੜ ਕਰਨ ਦੀ ਆਗਿਆ ਨਾ ਦੇਣ ’ਤੇ ਜ਼ੋਰ ਦਿੰਦੇ ਹੋਇਆਂ ਦਿੱਲੀ ਅੰਦਰ ਵਾਪਰੀਆਂ ਘਟਨਾਵਾਂ ਦੀ ਤੁਲਨਾ 1984 ਦੇ ਸਿੱਖ ਨਸਲਕੁਸ਼ੀ ਨਾਲ ਕੀਤੀ ਹੈ| ਉਨ੍ਹਾਂ ਨਾਲ ਹੀ ਇਨ੍ਹਾਂ ਘਟਨਾਵਾਂ ਲਈ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ|
ਇਥੇ ਪੰਜਾਬ ਸਰਕਾਰ ਖਿਲਾਫ਼ ਕੀਤੀ ‘ਰੋਸ ਰੈਲੀ’ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਖੂਬ ਭੰਡਿਆ ਅਤੇ ਆਪਣੀ ਸਰਕਾਰ ਦੇ ਬਣਦਿਆਂ ਹੀ ਲੋਕਾਂ ਅਤੇ ਖਾਸ ਕਰ ਕੇ ਕਿਸਾਨਾਂ ਨੂੰ ਅਨੇਕਾਂ ਸਹੂਲਤਾਂ ਦੇਣ ਦਾ ਯਕੀਨ ਦਿੱਤਾ| ਸੁਖਬੀਰ ਨੇ ਭਾਸ਼ਨ ਦੌਰਾਨ ਉਨ੍ਹਾਂ ਦੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਾਂਗਰਸ ਪਾਰਟੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਨੇ ਆਪਣੇ ’ਤੇ 1984 ਸਿੱਖ ਨਸਲਕੁਸ਼ੀ ਦਾ ਲੱਗਦਾ ਆ ਰਿਹਾ ਦਾਗ ਧੋਣ ਲਈ ਹੀ ਇਹ ਝੂਠੇ ਦੋਸ਼ ਲਗਾਏ ਸਨ| ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਦੇ ਗਵਾਹ ਸੁਰਜੀਤ ਸਿੰਘ ਨੂੰ ਸਰਕਾਰ ਵੱਲੋਂ ਸੁਰੱਖਿਆ ਨਾ ਦੇ ਸਕਣ ਕਰ ਕੇ ਉਸ ਦੀ ਮੌਤ ਹੋਣ ਲਈ ਸੂਬਾ ਸਰਕਾਰ ਦੇ ਇੱਕ ਮੰਤਰੀ ਨੂੰ ਕਸੂਰਵਾਰ ਕਿਹਾ| ਉਨ੍ਹਾਂ ਸੂਬੇ ਅੰਦਰ 12 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਕੋਰਾ ਝੂਠ ਆਖਦਿਆਂ ਕਿਹਾ ਕਿ ਇਸ ਦੇ ਐਨ ਉਲਟ ਸਰਕਾਰ ਵਿਧਾਨ ਸਭਾ ਅੰਦਰ ਜਾਣਕਾਰੀ ਦਿੰਦੀ ਹੈ ਕਿ ਸਰਕਾਰ ਵੱਲੋਂ ਕੇਵਲ 33 ਹਜ਼ਾਰ ਨੌਕਰੀਆਂ ਹੀ ਦਿੱਤੀਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵਿਕਾਸ ਦੇ ਕੰਮ ਠੱਪ ਹੋ ਗਏ ਹਨ, ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਭ ਨਹੀਂ ਦਿੱਤੇ ਜਾ ਰਹੇ| ਉਨ੍ਹਾਂ ਸਰਕਾਰ ਤੇ ਆਪਣੇ ਵਿਰੋਧੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾਣ ਦਾ ਦੋਸ਼ ਲਗਾਇਆ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਆਪਣੀ ਸਰਕਾਰ ਬਣਨ ’ਤੇ ਕਾਰਵਾਈ ਕੀਤੇ ਜਾਣ ਦੀ ਚਿਤਾਵਨੀ ਵੀ ਦਿੱਤੀ| ਸਰਕਾਰ ਬਣਨ ਤੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਟਿਊਬਵੈੱਲ ਦੇ ਕੁਨੈਕਸ਼ਨ ਦੇਣ, ਬਿਜਲੀ ਸਸਤੀ ਕਰਨ, ਸੂਬੇ ਦੇ ਸਾਰੇ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਦਾ ਵੀ ਭਰੋਸਾ ਦਿੱਤਾ| ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਜਗਮੀਤ ਸਿੰਘ ਬਰਾੜ, ਅਲਵਿੰਦਰਪਾਲ ਸਿੰਘ ਪੱਖੋਕੇ ਨੇ ਵੀ ਸੰਬੋਧਨ ਕੀਤਾ| ਸਟੇਜ ਦੀ ਕਾਰਵਾਈ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਚਲਾਈ।