ਬੋਰਡਾਂ ਨੂੰ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨਣ ਦੇ ਨਿਰਦੇਸ਼

ਬੋਰਡਾਂ ਨੂੰ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨਣ ਦੇ ਨਿਰਦੇਸ਼

ਸੁਪਰੀਮ ਕੋਰਟ ਨੇ ਅੱਜ ਸਾਰੇ ਰਾਜਾਂ ਦੇ ਸਕੂਲ ਬੋਰਡਾਂ ਨੂੰ 12ਵੀਂ ਜਮਾਤ ਦੇ ਮੁਲਾਂਕਣ ਨਤੀਜੇ 31 ਜੁਲਾਈ ਤੱਕ ਐਲਾਨਣ ਦਾ ਨਿਰਦੇਸ਼ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਕਿ ਹਰ ਬੋਰਡ ਵਿਦਿਆਰਥੀਆਂ ਦੇ ਮੁਲਾਂਕਣ ਲਈ ਆਪਣਾ ਢੰਗ-ਤਰੀਕਾ ਅਪਣਾਉਣ ਲਈ ਆਜ਼ਾਦ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਭਰ ’ਚ ਵਿਦਿਆਰਥੀਆਂ ਦੇ ਮੁਲਾਂਕਣ ਲਈ ਇੱਕੋ-ਜਿਹਾ ਢੰਗ ਅਪਣਾਉਣ ਬਾਰੇ ਉਹ ਕੋਈ ਨਿਰਦੇਸ਼ ਨਹੀਂ ਦੇਣਗੇ। ਅਦਾਲਤ ਨੇ ਰਾਜ ਬੋਰਡਾਂ ਨੂੰ ਕਿਹਾ ਕਿ ਉਹ ਮੁਲਾਂਕਣ ਦਾ ਢੰਗ ਜਲਦੀ ਤੋਂ ਜਲਦੀ ਬਣਾਉਣ ਅਤੇ ਇਸ ’ਚ ਆਉਂਦੇ ਦਸ ਦਿਨਾਂ ਤੋਂ ਵੱਧ ਦੇਰ ਨਹੀਂ ਹੋਣੀ ਚਾਹੀਦੀ। ਏਐੱਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਹਰੇਕ ਬੋਰਡ ਨੂੰ ਮੁਲਾਂਕਣ ਦਾ ਆਪਣਾ ਢੰਗ ਵਿਕਸਿਤ ਕਰਨਾ ਪਵੇਗਾ। ਬੈਂਚ ਨੇ ਕਿਹਾ, ‘ਅਸੀਂ ਬੋਰਡਾਂ ਨੂੰ ਨਿਰਦੇਸ਼ ਦਿੰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਮੁਲਾਂਕਣ ਦਾ ਢੰਗ ਵਿਕਸਿਤ ਕਰਨ ਤੇ ਇਸ ’ਚ ਅੱਜ ਤੋਂ ਲੈ ਕੇ ਅਗਲੇ 10 ਦਿਨਾਂ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ। ਬੋਰਡ 31 ਜੁਲਾਈ 2021 ਤੱਕ ਅੰਦਰੂਨੀ ਮੁਲਾਂਕਣ ਦੇ ਨਤੀਜੇ ਵੀ ਐਲਾਨਣ, ਜੋ ਸਮਾਂ ਸੀਮਾ ਸੀਬੀਐੱਸਈ ਤੇ ਸੀਆਈਐੱਸਸੀਈ ਲਈ ਨਿਰਧਾਰਤ ਕੀਤੀ ਗਈ ਹੈ।’ ਸੁਪਰੀਮ ਕੋਰਟ ਜਿਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ ਉਸ ’ਚ ਰਾਜਾਂ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੋਰਡ ਪ੍ਰੀਖਿਆਵਾਂ ਨਾ ਕਰਵਾਉਣ ਸਬੰਧੀ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਹਰਿਆਣਾ ਵੱਲੋਂ ਪੱਖ ਰੱਖ ਰਹੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿ ਸਬੰਧਤ ਬੋਰਡ ਆਜ਼ਾਦ ਹੋਣ ਅਤੇ ਆਜ਼ਾਦ ਸੰਸਥਾ ਹੋਣ ਦੇ ਨਾਤੇ ਆਪਣੀਆਂ ਖੁਦ ਦੀਆਂ ਯੋਜਨਾਵਾਂ ਬਣਾਉਣ ਲਈ ਆਜ਼ਾਦ ਹਨ। ਬੈਂਚ ਨੇ ਕਿਹਾ, ‘ਅਸੀਂ ਸਪੱਸ਼ਟ ਕਰ ਰਹੇ ਹਾਂ ਕਿ ਹਰ ਬੋਰਡ ਆਪਣਾ ਢੰਗ ਤੈਅ ਕਰ ਸਕਦਾ ਹੈ। ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਬੰਧਤ ਬੋਰਡ ਵੱਲੋਂ ਬਣਾਏ ਗਏ ਢੰਗ ਦੀ ਸਟੀਕਤਾ ਤੇ ਵੈਧਤਾ ਦੀ ਅਸੀਂ ਹਮਾਇਤ ਨਹੀਂ ਕਰਦੇ।’ 

Radio Mirchi