ਬੋਰੀਆਂ ਦੇ ਢੇਰਾਂ ਅੱਗੇ ਖਰੀਦ ਪ੍ਰਬੰਧ ਢੇਰੀ
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੀ ਤੇਜ਼ ਰਫ਼ਤਾਰੀ ਅੱਗੇ ਖਰੀਦ ਪ੍ਰਬੰਧ ਗ਼ਸ਼ ਖਾ ਗਏ ਹਨ। ਲੌਕਡਾਊਨ ਨੇ ਬਾਰਦਾਨੇ ਦੀ ਖੇਡ ਵਿਗਾੜ ਦਿੱਤੀ ਹੈ। ਮੰਡੀਆਂ ਵਿੱਚ ਯਕਦਮ ਫ਼ਸਲ ਪੁੱਜਣ ਲੱਗੀ ਹੈ ਜਿਸ ਕਰ ਕੇ ਬਾਰਦਾਨੇ ਦੀ ਫੌਰੀ ਲੋੜ ਪੈਣੀ ਹੈ, ਪਰ ਪੰਜਾਬ ’ਚ ਬਾਰਦਾਨਾ (2.35 ਕਰੋੜ ਬੋਰੀਆਂ) 7 ਮਈ ਮਗਰੋਂ ਪੁੱਜਣਾ ਸ਼ੁਰੂ ਹੋਣਾ ਹੈ। ਪੰਜਾਬ ਸਰਕਾਰ ਨੇ ਭਾਵੇਂ ਨਵੰਬਰ ਮਹੀਨੇ ’ਚ ਹੀ ਬਾਰਦਾਨੇ ਦਾ ਆਰਡਰ ਦੇ ਦਿੱਤਾ ਸੀ, ਪਰ ਲੌਕਡਾਊਨ ਕਰਕੇ ਸਭ ਕੁਝ ਉਥਲ ਪੁਥਲ ਹੋ ਗਿਆ।
ਵੇਰਵਿਆਂ ਅਨੁਸਾਰ ਮੰਡੀਆਂ ਵਿੱਚ ਐਤਕੀਂ 135 ਲੱਖ ਮੀਟਰਿਕ ਟਨ ਕਣਕ ਪੁੱਜਣ ਦਾ ਅਨੁਮਾਨ ਹੈ। ਕਰੋਨਾ ਤੋਂ ਬਚਾਓ ਲਈ ਸਰਕਾਰੀ ਖਰੀਦ ਦਾ ਕੰਮ 15 ਅਪਰੈਲ ਤੋਂ ਸ਼ੁਰੂ ਹੋਇਆ, ਜੋ 31 ਮਈ ਤੱਕ ਚੱਲਣਾ ਹੈ। ਦੋ ਦਿਨਾਂ ਤੋਂ ਫ਼ਸਲ ਏਨੀ ਤੇਜ਼ੀ ਨਾਲ ਮੰਡੀਆਂ ਵਿੱਚ ਪੁੱਜੀ ਹੈ, ਜਿਸ ਤੋਂ ਜਾਪਦਾ ਹੈ ਕਿ ਮਈ ਦੇ ਪਹਿਲੇ ਹਫ਼ਤੇ ਤੱਕ ਸਾਰੀ ਫ਼ਸਲ ਦੀ ਖਰੀਦ ਹੋ ਜਾਵੇਗੀ। ਕਿਸਾਨ ਵੀ ਹੁਣ 50 ਕੁਇੰਟਲ ਦੀ ਥਾਂ ਦੁੱਗਣੀ ਜਿਣਸ ਟਰਾਲੀਆਂ ਵਿੱਚ ਲੈ ਕੇ ਆ ਰਹੇ ਹਨ। ਕਿਸਾਨ ਕਰੋਨਾ ਨਾਲੋਂ ਮੌਸਮ ਦੀ ਬੇਰੁਖ਼ੀ ਤੋਂ ਵਧ ਡਰੇ ਹੋਏ ਹਨ।
ਤੱਥਾਂ ਅਨੁਸਾਰ ਪੰਜਾਬ ਨੂੰ ਜਿਣਸ ਸੰਭਾਲਣ ਲਈ 4.24 ਲੱਖ ਗੱਠਾਂ ਬਾਰਦਾਨੇ ਦੀ ਲੋੜ ਹੈ। ਸਰਕਾਰੀ ਦਾਅਵੇ ਅਨੁਸਾਰ ਰਾਜ ’ਚ 3.27 ਲੱਖ ਗੱਠ ਬਾਰਦਾਨਾ ਮੌਜੂਦ ਹੈ, ਜਿਸ ਵਿੱਚੋਂ ਹੁਣ ਤੱਕ 72,230 ਗੱਠਾਂ ਦੀ ਖਪਤ ਹੋਈ ਹੈ। ਪੰਜ ਹਜ਼ਾਰ ਗੱਠਾਂ ਬਾਰਦਾਨਾ ਹਾਲੇ ਰਸਤੇ ਵਿਚ ਹੈ, ਜੋ ਰੋਜ਼ਾਨਾ ਮੰਡੀਆਂ ਵਿੱਚ ਪੁੱਜ ਰਿਹਾ ਹੈ। ਦੇਖਿਆ ਜਾਵੇ ਤਾਂ ਕਰੀਬ ਇੱਕ ਲੱਖ ਗੱਠ ਬਾਰਦਾਨੇ ਦਾ ਸੰਕਟ ਹੈ, ਜੋ ਰਸਤੇ ਵਿਚ ਹੈ ਜਾਂ ਜਿਸ ਦਾ ਆਰਡਰ ਦਿੱਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 22 ਅਪਰੈਲ ਤੱਕ 4.21 ਕਰੋੜ ਬੋਰੀ ਕਣਕ ਖਰੀਦ ਲਈ ਹੈ ਜਿਸ ਚੋਂ 2.58 ਕਰੋੜ ਬੋਰੀਆਂ ਦੀ ਚੁਕਾਈ ਹੋਣੀ ਬਾਕੀ ਹੈ। ਚੁਕਾਈ ਦਾ ਮਸਲਾ ਮੁੱਢਲੇ ਪੜਾਅ ’ਤੇ ਖੜ੍ਹਾ ਹੋ ਗਿਆ ਹੈ। ਖਰੀਦ ਕੇਂਦਰਾਂ ਵਿੱਚ ਕਰੀਬ ਢਾਈ ਕਰੋੜ ਬੋਰੀ ਚੁਕਾਈ ਦੀ ਉਡੀਕ ਵਿੱਚ ਹੈ। ਪੰਜਾਬ ਭਰ ’ਚੋਂ ਖਰੀਦ ਕੀਤੀ ਸਿਰਫ਼ 38 ਫੀਸਦੀ ਜਿਣਸ ਦੀ ਹੀ ਲਿਫਟਿੰਗ ਹੋਈ ਹੈ।
ਪਿੰਡ ਚੁੱਘੇ ਕਲਾਂ ਦੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਪੂਰੀ ਫ਼ਸਲ ਸੁੱਟਣ ਲਈ ਪਾਸ ਨਹੀਂ ਮਿਲੇ, ਜਿਸ ਕਰਕੇ ਘਰ ਵਿੱਚ ਹੀ ਫ਼ਸਲ ਸੁੱਟਣੀ ਪਈ ਹੈ। ਯੱਕਦਮ ਫ਼ਸਲ ਆਉਣ ਕਰਕੇ ਮੰਡੀਆਂ ਵਿਚ ਫ਼ਸਲਾਂ ਦੇ ਅੰਬਾਰ ਲੱਗਣ ਲੱਗੇ ਹਨ। ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ ਵਿੱਚ ਇਸ ਵੇਲੇ 39.64 ਲੱਖ ਬੋਰੀ ਦੀ ਲਿਫਟਿੰਗ ਹੋਣੀ ਬਾਕੀ ਹੈ ਜਦੋਂ ਕਿ ਦੂਜੇ ਨੰਬਰ ’ਤੇ ਸੰਗਰੂਰ ਜ਼ਿਲ੍ਹੇ ਵਿਚ 25.89 ਬੋਰੀ ਚੁਕਾਈ ਦੀ ਉਡੀਕ ਵਿੱਚ ਹੈ। ਇਵੇਂ ਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ 23.62 ਲੱਖ, ਲੁਧਿਆਣਾ ਵਿੱਚ 21.21 ਲੱਖ, ਬਠਿੰਡਾ ਵਿੱਚ 22.91 ਲੱਖ ਅਤੇ ਫਰੀਦਕੋਟ ਵਿਚ 20.84 ਲੱਖ ਬੋਰੀ ਦੀ ਲਿਫਟਿੰਗ ਹੋਣੀ ਬਾਕੀ ਹੈ।
ਭਦੌੜ ਦੇ ਆੜ੍ਹਤੀਏ ਕੇਵਲ ਸਿੰਘ ਨੇ ਕਿਹਾ ਕਿ ਸਰਦੇ ਪੁੱਜਦੇ ਕਿਸਾਨ ਹੀ ਘਰਾਂ ਵਿਚ ਜਿਣਸ ਉਤਾਰ ਰਹੇ ਹਨ ਜਦੋਂਕਿ ਬਹੁਗਿਣਤੀ ਕਿਸਾਨ ਮੰਡੀਆਂ ਵਿੱਚ ਹੀ ਫ਼ਸਲ ਲੈ ਕੇ ਆ ਰਹੇ ਹਨ। ਅਮਲੋਹ ਦੇ ਖਰੀਦ ਕੇਂਦਰ ਵਿਚ 1.02 ਲੱਖ ਬੋਰੀ ਦੀ ਲਿਫਟਿੰਗ ਹੋਣੀ ਬਾਕੀ ਹੈ। ਪਿੰਡ ਹਰੀਪੁਰ (ਫਤਹਿਗੜ੍ਹ ਸਾਹਿਬ) ਦੇ ਕਿਸਾਨ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਕਦਮ ਫਸਲ ਮੰਡੀਆਂ ਵਿੱਚ ਆ ਗਈ ਹੈ ਅਤੇ ਉਸ ਦਰ ਨਾਲ ਚੁਕਾਈ ਹੋ ਨਹੀਂ ਰਹੀ ਹੈ। ਇਵੇਂ ਕੁਰਾਲੀ ਦੀ ਮੰਡੀ ’ਚ 1.57 ਲੱਖ ਬੋਰੀ ਚੁਕਾਈ ਖੁਣੋਂ ਪਈ ਹੈ।
ਪੱਛਮੀ ਬੰਗਾਲ ਵਿੱਚ ਜੂਟ ਮਿੱਲਾਂ ਬੰਦ ਹੋਣ ਮਗਰੋਂ ਪਲਾਸਟਿਕ ਦੇ ਬਾਰਦਾਨੇ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਮਾਰਕਫੈੱਡ, ਵੇਅਰਹਾਊਸ ਅਤੇ ਪਨਸਪ ਨੂੰ ਆਉਂਦੇ ਦਿਨਾਂ ਵਿਚ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ।