ਬ੍ਰਿਟਿਸ਼ ਕੋਲੰਬੀਆ ਚ ਕੋਰੋਨਾ ਕਾਰਨ 6 ਹੋਰ ਲੋਕਾਂ ਨੇ ਤੋੜਿਆ ਦਮ
ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 24 ਘੰਟਿਆਂ ਦੌਰਾਨ 6 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਅਤੇ 317 ਨਵੇਂ ਮਾਮਲੇ ਦਰਜ ਹੋਏ ਹਨ। ਸੂਬੇ ਵਿਚ ਕੋਰੋਨਾ ਕਾਰਨ ਹੁਣ ਤੱਕ ਕੁੱਲ਼ 219 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੂਬਾ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿਚ ਕੋਰੋਨਾ ਦੇ 1,594 ਕਿਰਿਆਸ਼ੀਲ ਮਾਮਲੇ ਹਨ ਜੋ ਸ਼ੁੱਕਰਵਾਰ ਨੂੰ 1461 ਸਨ। ਸ਼ਨੀਵਾਰ ਨੂੰ ਕੋਰੋਨਾ ਕਾਰਨ ਮਰਨ ਵਾਲਿਆਂ ਵਿਚੋਂ 5 ਮਰੀਜ਼ ਸੀਨੀਅਰ ਕੇਅਰ ਹੋਮਜ਼ ਨਾਲ ਸਬੰਧਤ ਸਨ। ਛੇਵੀਂ ਮਰੀਜ਼ ਇਕ 70 ਸਾਲਾ ਬੀਬੀ ਸੀ ਜੋ ਇਕ ਸਮਾਗਮ ਵਿਚ ਸ਼ਿਰਕਤ ਕਰਕੇ ਆਈ ਸੀ ਤੇ ਕੋਰੋਨਾ ਪਾਜ਼ੀਟਿਵ ਨਿਕਲੀ ਸੀ। ਹੈਨਰੀ ਨੇ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 58 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਇਹ ਗਿਣਤੀ ਸ਼ੁੱਕਰਵਾਰ ਨਾਲੋਂ 9 ਵੱਧ ਹੈ। 15 ਮਰੀਜ਼ਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕੀਤਾ ਗਿਆ ਹੈ।
ਬ੍ਰਿਟਿਸ਼ ਕੋਲੰਬੀਆ ਵਿਚ ਹੁਣ ਤੱਕ 7,279 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। 173 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਹੁਣ ਤੱਕ 5,466 ਲੋਕ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਵਾਂਗ ਵਾਰ-ਵਾਰ ਹੱਥ ਧੋਣ ਦੀ ਆਦਤ ਭੁੱਲਣੀ ਨਹੀਂ ਚਾਹੀਦੀ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਲਗਾਉਣ ਨਾਲ ਇਸ ਵਾਇਰਸ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ ਹੈ। ਪਾਰਟੀਆਂ ਹੋ ਰਹੀਆਂ ਹਨ ਤੇ ਲੋਕ ਇਕੱਠੇ ਹੋ ਰਹੇ ਹਨ ਜੋ ਕਿ ਕੋਰੋਨਾ ਵਾਇਰਸ ਨੂੰ ਸੱਦਾ ਦੇਣ ਦਾ ਕੰਮ ਕਰ ਰਿਹਾ ਹੈ। ਇਸ ਲਈ ਲੋਕਾਂ ਨੂੰ ਆਪ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਪੂਰੀ ਸਾਵਧਾਨੀ ਵਰਤਣ।