ਬੰਗਲਾਦੇਸ਼ੀ ਸੁਰੱਖਿਆ ਗਾਰਡ ਵੱਲੋਂ ਗੋਲੀਬਾਰੀ ’ਚ ਬੀਐੱਸਐੱਫ ਜਵਾਨ ਹਲਾਕ; ਦੂਜਾ ਜ਼ਖਮੀc

ਬੰਗਲਾਦੇਸ਼ੀ ਸੁਰੱਖਿਆ ਗਾਰਡ ਵੱਲੋਂ ਗੋਲੀਬਾਰੀ ’ਚ ਬੀਐੱਸਐੱਫ ਜਵਾਨ ਹਲਾਕ; ਦੂਜਾ ਜ਼ਖਮੀc

ਕੋਲਕਾਤਾ/ਨਵੀਂ ਦਿੱਲੀ-ਪੱਛਮੀ ਬੰਗਾਲ ਵਿੱਚ ਕੌਮਾਂਤਰੀ ਸਰਹੱਦ ’ਤੇ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਦਸਤੇ ਦੇ ਜਵਾਨ ਵਲੋਂ ਵੀਰਵਾਰ ਨੂੰ ਆਪਣੀ ਏਕੇ-47 ਰਾਈਫਲ ਰਾਹੀਂ ਕੀਤੀ ਗਈ ਗੋਲੀਬਾਰੀ ਕਾਰਨ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਇਸ ਦੌਰਾਨ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੇ ਇਕ ਬਿਆਨ ’ਚ ਕਿਹਾ ਕਿ ਬੀਐਸਐਫ ਜਵਾਨ ’ਤੇ ਗੋਲੀ ਸਵੈ- ਰੱਖਿਆ ਵਿੱਚ ਚੱਲੀ। ਬੀਜੀਬੀ ਟੀਮ ਨੇ ਕਿਹਾ ਿਕ ਉਹ ਰਵਾਇਤੀ ਫਲੈਗ ਮੀਟਿੰਗ ਰਾਹੀਂ ਮੁੱਦੇ ਨੂੰ ਸੁਲਝਾ ਲੈਣਗੇ।
ਦੋਵੇਂ ਪਾਸੀਂ ਪੈਦਾ ਹੋਈ ਤਲਖ਼ੀ ਦੌਰਾਨ ਬੀਐੱਸਐੱਫ ਮੁਖੀ ਵੀ.ਕੇ. ਜੌਹਰੀ ਵਲੋਂ ਬੰਗਲਾਦੇਸ਼ੀ ਹਮਰੁਤਬਾ ਮੇਜਰ ਜਨਰਲ ਸ਼ਫੀਨੁਲ ਇਸਲਾਮ ਨੂੰ ਹੌਟਲਾਈਨ ’ਤੇ ਕਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਜੀਬੀ ਦੇ ਡਾਇਰੈਕਟਰ ਜਨਰਲ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਦਾ ਭਰੋਸਾ ਦਿੱਤਾ ਹੈ। ਪਿਛਲੇ ਕਈ ਦਹਾਕਿਆਂ ਤੋਂ 4096 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੀ ਰੱਖਿਆ ਕਰਦੇ ਬੀਐੱਸਐੱਫ ਅਤੇ ਬੀਜੀਬੀ ਦਸਤਿਆਂ ਵਿਚਾਲੇ ਬਹੁਤ ਸੁਖਾਵੇਂ ਸਬੰਧ ਹਨ ਅਤੇ ਕਦੇ ਵੀ ਦੋਵਾਂ ਬਲਾਂ ਵਿਚਾਲੇ ਇੱਕ ਵੀ ਗੋਲੀ ਨਹੀਂ ਚੱਲੀ। ਸੂਤਰਾਂ ਅਨੁਸਾਰ ਇਹ ਘਟਨਾ ਮੰਦਭਾਗੀ ਹੈ ਅਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਹਾਲਾਤ ਖ਼ਰਾਬ ਨਾ ਹੋਣ। ਇਸ ਘਟਨਾ ਦੀ ਗੂੰਜ ਨਵੀਂ ਦਿੱਲੀ ਵਿੱਚ ਉੱਚ ਸੁਰੱਖਿਆ ਏਜੰਸੀਆਂ ਤੱਕ ਪਈ ਹੈ ਅਤੇ ਬੀਐੱਸਐੱਫ ਵਲੋੋਂ ਘਟਨਾ ਬਾਰੇ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੂੰ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਵਲੋਂ ਤਿੰਨ ਮਛੇਰਿਆਂ ਨੂੰ ਪਦਮਾ ਦਰਿਆ ਵਿੱਚੋਂ ਭਾਰਤ ਵਾਲੇ ਪਾਸੇ ਮੱਛੀਆਂ ਫੜਨ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਬੀਜੀਬੀ ਦੇ ਦਸਤੇ ਨੇ ਇਨ੍ਹਾਂ ਮਛੇਰਿਆਂ ਨੂੰ ਫੜ ਲਿਆ। ਕੁਝ ਸਮੇਂ ਬਾਅਦ ਬੀਜੀਬੀ ਨੇ ਦੋ ਮਛੇਰਿਆਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਜਾ ਕੇ ਬੀਐੱਸਐੱਫ ਨੂੰ ਦੱਸ ਦੇਣ ਕਿ ਤੀਜਾ ਮਛੇਰਾ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਇਸ ’ਤੇ 117ਵੀਂ ਬਟਾਲੀਅਨ ਦੇ ਬੀਐੱਸਐੱਫ ਪੋਸਟ ਕਮਾਂਡਰ ਨੇ ਪਦਮਾ ਦਰਿਆ ਰਾਹੀਂ ਛੇ ਮੈਂਬਰੀ ਟੀਮ ਸਣੇ ਮੋਟਰ-ਬੋਟ ਰਾਹੀਂ ਜਾ ਕੇ ਮਸਲੇ ਦੇ ਹੱਲ ਲਈ ਬੀਜੀਬੀ ਤੱਕ ਪਹੁੰਚ ਕੀਤੀ। ਉਨ੍ਹਾਂ ਦੱਸਿਆ ਕਿ ਬੀਜੀਬੀ ਦਸਤੇ ਦੇ ‘ਗੁੱਸੇ’ ਅਤੇ ‘ਘੇਰਾ ਪਾਉਣ ਦੀ ਮਨਸ਼ਾ’ ਨੂੰ ਭਾਂਪਦਿਆਂ ਬੀਐੱਸਐੱਫ ਟੀਮ ਨੇ ਆਪਣੀ ਮੋਟਰ ਬੋਟ ਵਾਪਸ ਮੋੜ ਲਈ ਤਾਂ ਬੀਜੀਬੀ ਜਵਾਨ ਸਈਦ ਨੇ ਆਪਣੀ ਏਕੇ-47 ਰਾਈਫਲ ਰਾਹੀਂ ਪਿੱਛੋਂ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਬੀਐੱਸਐੱਫ ਹੈੱਡ ਕਾਂਸਟੇਬਲ ਵਿਜੇ ਭਾਨ ਸਿੰਘ ਦੇ ਸਿਰ ਵਿੱਚ ਜਾ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਂਸਟੇਬਲ ਰਾਜਵੀਰ ਯਾਦਵ ਦੇ ਹੱਥ ’ਤੇ ਗੋਲੀ ਲੱਗੀ। ਜ਼ਖ਼ਮੀ ਕਾਂਸਟੇਬਲ ਨੇ ਕਿਸੇ ਤਰ੍ਹਾਂ ਕਿਸ਼ਤੀ ਨੂੰ ਡੁੱਬਣ ਤੋਂ ਬਚਾਇਆ ਅਤੇ ਭਾਰਤ ਵਾਲੇ ਪਾਸੇ ਲੈ ਆਇਆ। ਬੀਜੀਬੀ ਦਸਤੇ ਵਲੋਂ ਫੜੇ ਗਏ ਮਛੇਰੇ ਦੀ ਪਛਾਣ ਪ੍ਰਣਬ ਮੰਡਲ ਵਾਸੀ ਪਿੰਡ ਸਿਰੋਚਰ ਵਜੋਂ ਹੋਈ ਹੈ ਅਤੇ ਉਹ ਹਾਲੇ ਵੀ ਬੀਜੀਬੀ ਦੀ ਹਿਰਾਸਤ ਵਿੱਚ ਹੈ। ਸਰਹੱਦੀ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਅਧਿਕਾਰੀ ਅਨੁਸਾਰ ਇਸ ਘਟਨਾ ਕਾਰਨ ਇੰਡੋ-ਬੰਗਲਾ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। 

Radio Mirchi