ਭਾਜਪਾ ਅਤੇ ਕਾਂਗਰਸ ’ਚ ਟਕਰਾਅ ਵਧਿਆ

ਭਾਜਪਾ ਅਤੇ ਕਾਂਗਰਸ ’ਚ ਟਕਰਾਅ ਵਧਿਆ

ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ’ਚ ਜਾਰੀ ਵਿਵਾਦ ਦਾ ਹੁਣ ਜਦੋਂ ਨਿਬੇੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਹੁਕਮਰਾਨ ਭਾਜਪਾ ਅਤੇ ਮੁੱਖ ਵਿਰੋਧੀ ਕਾਂਗਰਸ ਸਿਆਸੀ ਮੈਦਾਨ ’ਚ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਅੱਜ ਦਾ ਭਾਰਤ 1962 ਵਾਲਾ ਨਹੀਂ ਹੈ ਅਤੇ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ‘ਦਲੇਰ’ ਆਗੂ ਦੀ ਅਗਵਾਈ ਹੇਠ ਅੱਗੇ ਵੱਧ ਰਿਹਾ ਹੈ ਨਾ ਕਿ ਕਾਂਗਰਸ ਦੀ ਅਗਵਾਈ ਹੇਠ। ਉਧਰ ਰਾਹੁਲ ਗਾਂਧੀ ਨੇ ਚੀਨ ਨਾਲ ਸਰਹੱਦੀ ਵਿਵਾਦ ’ਤੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਹਨ ਜਦਕਿ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਰਾਹੁਲ ਨੂੰ ਨਿਸ਼ਾਨਾ ਬਣਾਉਣ ਦੀ ਥਾਂ ’ਤੇ ਭਾਜਪਾ ਸਰਕਾਰ ਚੀਨ ਨਾਲ ਨਜਿੱਠੇ। 
 ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਰਹੱਦ ’ਤੇ ਹਾਲਾਤ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸਵਾਲ ਉਠਾਏ ਜਾਣ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਸ ਨੂੰ ਘੱਟ ਤੋਂ ਘੱਟ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਚੀਨ ਨਾਲ ਜੁੜੇ ਰਣਨੀਤਕ ਮੁੱਦਿਆਂ ਬਾਰੇ ਟਵਿਟਰ ’ਤੇ ਸਵਾਲ ਨਹੀਂ ਪੁੱਛੇ ਜਾਂਦੇ ਹਨ। ਹਿਮਾਚਲ ਪ੍ਰਦੇਸ਼ ’ਚ ਭਾਜਪਾ ਦੀ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਜਦੋਂ ਭਾਰਤ ਆਤਮ ਨਿਰਭਰ ਬਣਨ ਵੱਲ ਕਦਮ ਵਧਾ ਰਿਹਾ ਹੈ ਤਾਂ ਉਹ ਸੁਰੱਖਿਆ ਮਾਮਲਿਆਂ ’ਚ ਵੀ ਅੱਗੇ ਵਧੇਗਾ। ਸ੍ਰੀ ਪ੍ਰਸਾਦ ਨੇ ਕਿਹਾ,‘‘ਭਾਰਤ ਸ਼ਾਂਤੀਪੂਰਨ ਢੰਗ ਨਾਲ ਵਿਵਾਦਾਂ ਦਾ ਨਿਬੇੜਾ ਚਾਹੁੰਦਾ ਹੈ। ਅਸੀਂ ਨਿਮਰਤਾ ਨਾਲ ਇਕ ਗੱਲ ਆਖਣਾ ਚਾਹੁੰਦੇ ਹਾਂ ਕਿ ਅੱਜ ਦਾ ਭਾਰਤ 2020 ਦਾ ਭਾਰਤ ਹੈ, 1962 ਦਾ ਭਾਰਤ ਨਹੀਂ ਹੈ। ਅੱਜ ਦੇ ਭਾਰਤ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ਦਲੇਰ ਆਗੂ ਕਰ ਰਹੇ ਹਨ, ਕਾਂਗਰਸ ਦਾ ਆਗੂ ਨਹੀਂ।’’ ਕੇਂਦਰੀ ਮੰਤਰੀ ਨੇ ਸਰਹੱਦ ’ਤੇ ਟਕਰਾਅ ਦਾ ਸਿੱਧੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਚੀਨ ਨੇ ਜਦੋਂ 1962 ’ਚ ਭਾਰਤ ਨੂੰ ਹਰਾਇਆ ਸੀ ਤਾਂ ਕਾਂਗਰਸ ਸੱਤਾ ’ਚ ਸੀ। ਰਾਹੁਲ ਗਾਂਧੀ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ’ਚ ਮੁਲਕ ਦੇ ਆਰਥਿਕ ਅਤੇ ਰਣਨੀਤਕ ਮਾਮਲਿਆਂ ਬਾਰੇ ਕਿੰਨੀ ਸਮਝ ਹੈ, ਇਸ ਬਾਰੇ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨੇ ਸਰਜੀਕਲ ਸਟਰਾਈਕ ਮਗਰੋਂ ਵੀ ਉਸ ਦੇ ਸਬੂਤ ਮੰਗੇ ਸਨ। 

Radio Mirchi