ਭਾਜਪਾ ਆਗੂ ਕਮਲ ਸ਼ਰਮਾ ਦਾ ਸਸਕਾਰ
ਫ਼ਿਰੋਜ਼ਪੁਰ-ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ (49) ਦਾ ਅੱਜ ਇੱਥੇ ਸਸਕਾਰ ਕੀਤਾ ਗਿਆ। ਉਨ੍ਹਾਂ ਦਾ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ ਸਵੇਰ ਵੇਲੇ ਆਪਣੇ ਗੰਨਮੈਨ ਨਾਲ ਸੈਰ ਕਰਨ ਲਈ ਨਿਕਲੇ ਸਨ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਫ਼ੌਰੀ ਇੱਥੋਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਸ੍ਰੀ ਸ਼ਰਮਾ ਦੇ ਪੁੱਤਰ ਸੁਸ਼ਮਿਤ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਸਸਕਾਰ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ, ਭਾਜਪਾ ਇੰਚਾਰਜ ਮਹਿੰਦਰ ਪਾਂਡੇ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਆਗੂ ਵਿਜੈ ਸਾਂਪਲਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਸਥਾਨਕ ਆਗੂ ਵੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਕਮਲ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਇੱਥੋਂ ਆਪਣੀ ਰਿਹਾਇਸ਼ ਚੰਡੀਗੜ੍ਹ ਤਬਦੀਲ ਕਰ ਲਈ ਸੀ। ਉਹ ਫ਼ਿਰੋਜ਼ਪੁਰ ਵਾਸੀਆਂ ਨਾਲ ਦੀਵਾਲੀ ਮਨਾਉਣ ਵਾਸਤੇ ਸ਼ਨਿਚਰਵਾਰ ਦੇਰ ਰਾਤ ਹੀ ਇੱਥੇ ਆਪਣੇ ਜੱਦੀ ਘਰ ਪਹੁੰਚੇ ਸਨ। ਕਮਲ ਸ਼ਰਮਾ ਨੂੰ ਕੁਝ ਮਹੀਨੇ ਪਹਿਲਾਂ ਵੀ ਦਿਲ ਦੀ ਤਕਲੀਫ਼ ਹੋਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਦੇ ਸਟੈਂਟ ਪਾ ਦਿੱਤਾ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਰੋਜ਼ਾਨਾ ਸੈਰ ਕਰਨ ਦੀ ਸਲਾਹ ਦਿੱਤੀ ਸੀ। ਕਮਲ ਸ਼ਰਮਾ ਦੀ ਅਚਾਨਕ ਹੋਈ ਮੌਤ ਨੇ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਕਾਰਨ ਕਈ ਘਰਾਂ ਵਿਚ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ। ਹਾਲਾਂਕਿ ਸ਼ਨਿਚਰਵਾਰ ਨੂੰ ਭਾਜਪਾ ਆਗੂ ਵੱਲੋਂ ਸ਼ਹਿਰ ਵਿੱਚ ਕਈ ਥਾਈਂ ਇਲਾਕਾ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਹੋਰਡਿੰਗ ਲਗਵਾਏ ਗਏ ਸਨ। ਮੌਤ ਤੋਂ ਕਰੀਬ ਦੋ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਫੇਸਬੁੱਕ ’ਤੇ ਲੋਕਾਂ ਨੂੰ ਵਧਾਈ ਸੰਦੇਸ਼ ਵੀ ਦਿੱਤਾ ਸੀ। ਸ੍ਰੀ ਸ਼ਰਮਾ ਦੇ ਪਰਿਵਾਰ ’ਚ ਪਿੱਛੇ ਪਤਨੀ ਸ਼ਸ਼ੀ, ਪੁੱਤਰ ਸੁਸ਼ਮਿਤ ਅਤੇ ਧੀ ਸ਼ੁਪਰਾ ਛੱਡ ਗਏ ਹਨ। ਉਨ੍ਹਾਂ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਉੱਘੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।