ਭਾਰਤ-ਚੀਨ ਨੇ ਸਰਹੱਦ ’ਤੇ ਸ਼ਾਂਤੀ ਬਹਾਲੀ ਦੀ ਵਚਨਬੱਧਤਾ ਦੁਹਰਾਈ
ਭਾਰਤ ਅਤੇ ਚੀਨ ਨੇ ਕਿਹਾ ਹੈ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਰੱਖਣਾ ਅਹਿਮ ਹੈ ਅਤੇ ਦੋਵੇਂ ਮੁਲਕਾਂ ਨੇ ਇਸ ਦੇ ਹੱਲ ਪ੍ਰਤੀ ਰਜ਼ਾਮੰਦੀ ਜਤਾਈ ਹੈ। ਉਨ੍ਹਾਂ ਦੁਵੱਲੇ ਸਬੰਧਾਂ ’ਚ ਰਣਨੀਤਕ ਪਰਿਪੇਖ ਤੋਂ ਸਰਹੱਦੀ ਮਸਲੇ ਨੂੰ ਛੇਤੀ ਹੱਲ ਕਰਨ ’ਤੇ ਜ਼ੋਰ ਦਿੱਤਾ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਵਿਸ਼ੇਸ਼ ਪ੍ਰਤੀਨਿਧ ਵਾਰਤਾ ਦੇ ਖਾਕੇ ਤਹਿਤ ਦਹਾਕਿਆਂ ਪੁਰਾਣੇ ਚੀਨ-ਭਾਰਤ ਸਰਹੱਦੀ ਮੁੱਦੇ ’ਤੇ ਸ਼ਨਿਚਰਵਾਰ ਨੂੰ ਵਾਰਤਾ ਕੀਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਉਸਾਰੂ ਰਹੀ ਅਤੇ ਦੁਵੱਲੀ ਵਿਕਾਸ ਭਾਈਵਾਲੀ ਨੂੰ ਅਗਾਂਹ ਲੈ ਕੇ ਜਾਣ ’ਤੇ ਧਿਆਨ ਕੇਂਦਰਤ ਕੀਤਾ ਗਿਆ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਦੋਵੇਂ ਮੁਲਕਾਂ ’ਚ ਇਕ-ਦੂਜੇ ਦੇ ਸੰਜੀਦਾ ਮਸਲਿਆਂ ਅਤੇ ਖ਼ਦਸ਼ਿਆਂ ਦਾ ਸਨਮਾਨ ਕਰਨ ’ਤੇ ਵੀ ਸਹਿਮਤੀ ਬਣੀ ਹੈ। ਦੋਵੇਂ ਮੁਲਕਾਂ ਨੇ ਸਰਹੱਦੀ ਮਸਲੇ ਦੇ ਨਿਰਪੱਖ, ਢੁੱਕਵੇਂ ਅਤੇ ਆਪਸੀ ਰਜ਼ਾਮੰਦੀ ਨਾਲ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦਾ ਅਹਿਦ ਵੀ ਲਿਆ।
ਵੈਂਗ ਗੱਲਬਾਤ ਲਈ ਸ਼ੁੱਕਰਵਾਰ ਰਾਤ ਇਥੇ ਪਹੁੰਚੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਤਾ ਦੌਰਾਨ ਸਰਹੱਦੀ ਮੁੱਦੇ ਦੇ ਕਈ ਪਹਿਲੂਆਂ ’ਤੇ ਚਰਚਾ ਕੀਤੀ ਗਈ ਅਤੇ ਦੋਵੇਂ ਮੁਲਕਾਂ ਨੇ 3500 ਕਿਲੋਮੀਟਰ ਲੰਬੀ ਸਰਹੱਦ ਨੇੜੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਅਕਤੂਬਰ ’ਚ ਮਹਾਬਲੀਪੁਰਮ ’ਚ ਹੋਈ ਦੂਜੀ ਗੈਰ ਰਸਮੀ ਸਿਖਰ ਵਾਰਤਾ ਦੇ ਨਾਲ ਹੀ ਤਜਵੀਜ਼ਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ’ਚ ਭਾਰਤ ਦੇ ਸ਼ਾਮਲ ਨਾ ਹੋਣ ਤੋਂ ਬਾਅਦ ਚੀਨ ਵੱਲੋਂ ਇਹ ਪਹਿਲਾ ਉੱਚ ਪੱਧਰੀ ਦੌਰਾ ਹੈ। ਡੋਵਾਲ ਅਤੇ ਵੈਂਗ ਸਰਹੱਦੀ ਮੁੱਦੇ ’ਤੇ ਗੱਲਬਾਤ ਕਰਨ ਲਈ ਦੋਵੇਂ ਮੁਲਕਾਂ ਦੇ ਨਾਮਜ਼ਦ ਵਿਸ਼ੇਸ਼ ਨੁਮਾਇੰਦੇ ਹਨ। ਵੈਂਗ ਨੇ ਸਤੰਬਰ ’ਚ ਭਾਰਤ ਆਉਣਾ ਸੀ ਪਰ ਉਸ ਵੇਲੇ ਦੌਰਾ ਮੁਲਤਵੀ ਹੋ ਗਿਆ ਸੀ। ਵਿਸ਼ੇਸ਼ ਪ੍ਰਤੀਨਿਧ ਵਾਰਤਾ ਦੇ ਖਾਕੇ ਤਹਿਤ ਦੋਵੇਂ ਮੁਲਕ ਪਹਿਲਾਂ ਹੀ 21 ਗੇੜ ਦੀ ਵਾਰਤਾ ਕਰ ਚੁੱਕੇ ਹਨ।