ਭਾਰਤ ਜਲਦ ਵਿਕਾਸ ਦੇ ਰਾਹ ’ਤੇ ਮੁੜੇਗਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਅਰਥਚਾਰੇ ’ਚ ਮੌਜੂਦਾ ਮੰਦੀ ਦੇ ਦੌਰ ’ਚੋਂ ਬਾਹਰ ਆਉਣ ਦੀ ਸਮਰੱਥਾ ਹੈ ਅਤੇ ਭਾਰਤ ਫਿਰ ਤੋਂ ਮਜ਼ਬੂਤੀ ਨਾਲ ਆਰਥਿਕ ਵਿਕਾਸ ਦੇ ਰਾਹ ’ਤੇ ਮੁੜ ਆਵੇਗਾ।
ਉਨ੍ਹਾਂ ਉਦਯੋਗਪਤੀਆਂ ਨੂੰ ਅੱਗੇ ਆ ਕੇ ਨਿਵੇਸ਼ ਲਈ ਕਦਮ ਵਧਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਹਾਸਲ ਕਰਨਾ ਸੰਭਵ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿੱਤੀ ਹਾਲਾਤ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕਈ ਤਿਮਾਹੀਆਂ ਅਜਿਹੀਆਂ ਰਹੀਆਂ ਹਨ ਜਦੋਂ ਅਰਥਚਾਰੇ ਦੀ ਹਾਲਤ ਕਾਫੀ ਖਰਾਬ ਰਹੀ ਹੈ। ਐਸੋਚੈਮ ਦੇ 100ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਰਥਚਾਰੇ ਨੂੰ ਲੈ ਕੇ ਜਿਹੋ ਜਿਹੀਆਂ ਗੱਲਾਂ ਹੋ ਰਹੀਆਂ ਹਨ, ਉਨ੍ਹਾਂ ਬਾਰੇ ਸਭ ਪਤਾ ਹੈ। ਮੈਂ ਇਨ੍ਹਾਂ ਗੱਲਾਂ ਨੂੰ ਚੁਣੌਤੀ ਨਹੀਂ ਦਿੰਦਾ ਬਲਕਿ ਇਨ੍ਹਾਂ ’ਚ ਜੋ ਚੰਗਿਆਈ ਹੁੰਦੀ ਹੈ ਉਹ ਲੈ ਕੇ ਅੱਗੇ ਵੱਧ ਜਾਂਦਾ ਹਾਂ। ਪਿਛਲੀ ਸਰਕਾਰ ਸਮੇਂ ਇੱਕ ਤਿਮਾਹੀ ’ਚ ਵਿੱਤੀ ਵਿਕਾਸ ਦਰ 3.5 ਫੀਸਦ ਰਹਿ ਗਈ ਸੀ। ਪ੍ਰਚੂਣ ਮਹਿੰਗਾਈ ਦਰ 9.4 ਫੀਸਦ, ਥੋਕ ਮਹਿੰਗਾਈ ਦਰ 5.2 ਫੀਸਦ ਅਤੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਮੁਕਾਬਲੇ ਸਰਕਾਰੀ ਘਾਟਾ 5.6 ਫੀਸਦ ਤੱਕ ਪਹੁੰਚ ਗਿਆ ਸੀ।’ ਉਨ੍ਹਾਂ ਕਿਹਾ ਕਿ ਵਿੱਤੀ ਮੰਦੀ ਤੇ ਮੌਜੂਦਾ ਹਾਲਾਤ ਤੋਂ ਬਾਹਰ ਨਿਕਲਣ ’ਚ ਭਾਰਤ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਭਾਰਤ ਮਜ਼ਬੂਤੀ ਨਾਲ ਅੱਗੇ ਵਧੇਗਾ।