ਭਾਰਤ ਤੇ ਚੀਨ ਵੱਲੋਂ ਦੁਵੱਲਾ ਸਹਿਯੋਗ ਵਧਾਉਣ ਦਾ ਅਹਿਦ
ਪੁਰਾਤਨ ਸਾਹਿਲੀ ਨਗਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੋ ਦਿਨਾਂ ਦੌਰਾਨ ਕਰੀਬ ਸੱਤ ਘੰਟਿਆਂ ਦੀ ਵਾਰਤਾ ਹੋਈ। ਦੋਹਾਂ ਆਗੂਆਂ ਨੇ ਭਾਰਤ ਅਤੇ ਚੀਨ ਦੇ ਮੱਤਭੇਦਾਂ ਨੂੰ ਦੂਰਅੰਦੇਸ਼ੀ ਨਾਲ ਦੂਰ ਕਰਦਿਆਂ ਸਹਿਯੋਗ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਅਹਿਦ ਲਿਆ। ਉਨ੍ਹਾਂ ਵਪਾਰ ਤੇ ਨਿਵੇਸ਼ ਅਤੇ ਭਰੋਸਾ ਬਹਾਲੀ ਦੇ ਯਤਨਾਂ ਨੂੰ ਹੋਰ ਵਧਾਉਣ ਦੇ ਰਾਹ ਲੱਭਣ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ। ਦੋ ਦਿਨ ਦੇ ਭਾਰਤ ਦੌਰੇ ਮਗਰੋਂ ਚੀਨੀ ਰਾਸ਼ਟਰਪਤੀ ਆਪਣੇ ਅਗਲੇ ਪੜਾਅ ਨੇਪਾਲ ਲਈ ਰਵਾਨਾ ਹੋ ਗਏ।
ਮੋਦੀ-ਸ਼ੀ ਵਿਚਕਾਰ ਦੂਜੀ ਗ਼ੈਰ ਰਸਮੀ ਸਿਖਰ ਵਾਰਤਾ ਦੌਰਾਨ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਨਵਾਂ ਉੱਚ ਪੱਧਰੀ ਪ੍ਰਬੰਧ ਸਥਾਪਤ ਕਰਨ ’ਤੇ ਸਹਿਮਤੀ ਪ੍ਰਗਟਾਈ ਗਈ। ਵਪਾਰ ਅਤੇ ਨਿਵੇਸ਼ ਦੇ ਨਵੇਂ ਪ੍ਰਬੰਧ ਦੀ ਅਗਵਾਈ ਚੀਨ ਵੱਲੋਂ ਉਪ ਪ੍ਰਧਾਨ ਮੰਤਰੀ ਹੂ ਚੁਨਹੁਆ ਜਦਕਿ ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕਰਨਗੇ। ਪ੍ਰਸਤਾਵਿਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਦੀਆਂ ਸ਼ਰਤਾਂ ਸਬੰਧੀ ਭਾਰਤ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦਾ ਚੀਨ ਵੱਲੋਂ ਭਰੋਸਾ ਦਿੱਤਾ ਗਿਆ। ਇਸ ਦੇ ਨਾਲ ਸੁਰੱਖਿਆ ਸਹਿਯੋਗ ਅਤੇ ਸਰਹੱਦ ’ਤੇ ਸ਼ਾਂਤੀ ਲਈ ਭਰੋਸਾ ਬਹਾਲੀ ਦੇ ਵਾਧੂ ਯਤਨਾਂ ਨੂੰ ਵੀ ਵਿਚਾਰਿਆ ਗਿਆ।
ਸਿਖਰ ਵਾਰਤਾ ਦੇ ਮੁਕੰਮਲ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਇਸ ਦੌਰਾਨ ਕਸ਼ਮੀਰ ਮਸਲਾ ਨਹੀਂ ਉਠਾਇਆ ਗਿਆ ਪਰ ਸ਼ੀ ਨੇ ਸ੍ਰੀ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹਫ਼ਤੇ ਦੇ ਸ਼ੁਰੂ ’ਚ ਪੇਈਚਿੰਗ ਯਾਤਰਾ ਬਾਰੇ ਜ਼ਰੂਰ ਜਾਣਕਾਰੀ ਦਿੱਤੀ। ‘ਦੋਵੇਂ ਆਗੂਆਂ ਵਿਚਕਾਰ ਦੋਸਤਾਨਾ ਮਾਹੌਲ ’ਚ ਗੱਲਬਾਤ ਹੋਈ ਜਿਸ ਦੌਰਾਨ ਆਲਮੀ ਅਤੇ ਖੇਤਰੀ ਮਹੱਤਤਾ ਵਾਲੇ ਰਣਨੀਤਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।’
ਆਲੀਸ਼ਾਨ ਰਿਜ਼ੌਰਟ ’ਚ ਸ਼ੀ ਨਾਲ ਡੇਢ ਘੰਟੇ ਤਕ ਇਕੱਲਿਆਂ ਗੱਲਬਾਤ ਮਗਰੋਂ ਵਫ਼ਦ ਪੱਧਰੀ ਮੁਲਾਕਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ‘ਚੇਨੱਈ ਕੁਨੈਕਟ’ ਨਾਲ ਭਾਰਤ ਅਤੇ ਚੀਨ ਵਿਚਕਾਰ ਸਹਿਯੋਗ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਪਿਛਲੇ 2000 ਵਰ੍ਹਿਆਂ ਦੇ ਜ਼ਿਆਦਾ ਸਮੇਂ ਤੱਕ ਆਲਮੀ ਆਰਥਿਕ ਤਾਕਤਾਂ ਸਨ ਅਤੇ ਹੁਣ ਉਹ ਹੌਲੀ ਹੌਲੀ ਉਸੇ ਪੱਧਰ ਨੂੰ ਹਾਸਲ ਕਰ ਰਹੇ ਹਨ। ਸ਼ੀ ਨੇ ਕਿਹਾ ਕਿ ਦੁਵੱਲੇ ਸਬੰਧਾਂ ਬਾਰੇ ਸਪੱਸ਼ਟ ਅਤੇ ਦਿਲ ਤੋਂ ਦਿਲ ਤੱਕ ਡੂੰਘਾਈ ਨਾਲ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਹਿੰਦ-ਚੀਨ ਸਬੰਧਾਂ ਨੂੰ ਹੋਰ ਅਗਾਂਹ ਲੈ ਕੇ ਜਾਣਾ ਉਨ੍ਹਾਂ ਦੀ ਸਰਕਾਰ ਦੀ ਨੀਤੀ ਹੈ। ਸ਼ੀ ਮੁਤਾਬਕ ਵੂਹਾਨ ’ਚ ਹੋਈ ਪਹਿਲੀ ਗ਼ੈਰਰਸਮੀ ਸਿਖਰ ਵਾਰਤਾ ਦਾ ਉਸਾਰੂ ਅਸਰ ਦਿਖਾਈ ਦੇ ਰਿਹਾ ਹੈ। ਰਾਸ਼ਟਰਪਤੀ ਸ਼ੀ ਨੇ ਮੋਦੀ ਨੂੰ ਚੀਨ ’ਚ ਤੀਜੀ ਗ਼ੈਰ ਰਸਮੀ ਸਿਖਰ ਵਾਰਤਾ ਦਾ ਸੱਦਾ ਦਿੱਤਾ ਜਿਸ ਨੂੰ ਪ੍ਰਧਾਨ ਮੰਤਰੀ ਨੇ ਸਵੀਕਾਰ ਕਰ ਲਿਆ।