ਭਾਰਤ ਤੇ ਪਾਕਿ ਹੀ ਕਰਨ ਕਸ਼ਮੀਰ ਮਸਲਾ ਹੱਲ: ਚੀਨ

ਭਾਰਤ ਤੇ ਪਾਕਿ ਹੀ ਕਰਨ ਕਸ਼ਮੀਰ ਮਸਲਾ ਹੱਲ: ਚੀਨ

ਪੇਈਚਿੰਗ/ਨਵੀਂ ਦਿੱਲੀ-ਚੀਨ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਮਿਲ ਕੇ ਕਸ਼ਮੀਰ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੀ ਜਿਨਪਿੰਗ ਦੀ ਭਾਰਤ ਫੇਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਚੀਨ ਦੇ ਅਧਿਕਾਰੀਆਂ ਨੇ ਗ਼ੈਰਰਸਮੀ ਤੌਰ ’ਤੇ ਕਿਹਾ ਕਿ ਇਸ ਸਬੰਧੀ ਐਲਾਨ ਭਲਕੇ ਭਾਰਤ ਤੇ ਚੀਨ ਵੱਲੋਂ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਦੇ ਦੌਰੇ ਸਬੰਧੀ ਬਿਆਨ ਜਾਰੀ ਕਰਨ ਲਈ ਭਲਕੇ ਵਿਸ਼ੇਸ਼ ਮੀਡੀਆ ਕਾਨਫਰੰਸ ਵੀ ਸੱਦੀ ਹੈ, ਇਸ ਵਿੱਚ ਸ਼ੀ ਜਿਨਪਿੰਗ ਦੀ ਭਾਰਤ ਫੇਰੀ ਦਾ ਐਲਾਨ ਕੀਤਾ ਜਾਵੇਗਾ। ਗੇਂਗ ਨੇ ਕਿਹਾ, ‘ਭਾਰਤ ਤੇ ਚੀਨ ਵਿਚਾਲੇ ਰਵਾਇਤੀ ਉੱਚ ਪੱਧਰੀ ਸਬੰਧ ਹਨ। ਦੋਵਾਂ ਧਿਰਾਂ ਵਿਚਾਲੇ ਰਾਸ਼ਟਰਪਤੀ ਦੀ ਫੇਰੀ ਨੂੰ ਲੈ ਕੇ ਗੱਲਬਾਤ ਹੋਈ ਹੈ। ਜੇ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਤਾਂ ਜਲਦ ਜਾਰੀ ਕਰ ਦਿੱਤੀ ਜਾਵੇਗੀ।’ ਪੱਤਰਕਾਰਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਫੇਰੀ ਦੌਰਾਨ ਕਸ਼ਮੀਰ ਮਸਲੇ ’ਤੇ ਗੱਲਬਾਤ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲਾ ਭਾਰਤ ਤੇ ਪਾਕਿਸਤਾਨ ਦਰਮਿਆਨ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਦੂਜੇ ਗ਼ੈਰਰਸਮੀ ਸਿਖਰ ਸੰਮੇਲਨ ਤੋਂ ਪਹਿਲਾਂ ਨਵੀਂ ਦਿੱਲੀ ’ਚ ਚੀਨੀ ਰਾਜਦੂਤ ਸੁਨ ਵੀਦੌਂਗ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਖੇਤਰੀ ਪੱਧਰ ’ਤੇ ਵਾਰਤਾ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਵਿਵਾਦ ਸੁਲਝਾਉਣੇ ਚਾਹੀਦੇ ਹਨ ਤੇ ਸਾਂਝੇ ਤੌਰ ’ਤੇ ਅਮਨ ਤੇ ਸਥਿਰਤਾ ਕਾਇਮ ਰੱਖਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਚੀਨੀ ਸਦਰ ਸ਼ੀ ਜਿਨਪਿੰਗ ਦੀ ਭਾਰਤ ਫੇਰੀ ਤੋਂ ਪਹਿਲਾਂ ਚੀਨ ਦੇ ਕਸ਼ਮੀਰ ਮੁੱਦੇ ਉੱਤੇ ਰੁਖ਼ ਵਿੱਚ ਨਰਮੀ ਦਿਖਾਈ ਦਿੱਤੀ ਅਤੇ ਚੀਨ ਨੇ ਸੰਯੁਕਤ ਰਾਸ਼ਟਰ ਦੇ ਹਵਾਲੇ ਨਾ ਦਿੱਤੇ।
ਚੀਨੀ ਦੂਤ ਨੇ ਕਿਹਾ, ‘ਭਾਰਤ ਤੇ ਚੀਨ ਦੋਵਾਂ ਨੂੰ ਮਤਭੇਦਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਖੇਤਰੀ ਪੱਧਰ ’ਤੇ ਸਾਨੂੰ ਸ਼ਾਂਤੀਪੂਰਨ ਢੰਗ ਗੱਲਬਾਤ ਤੇ ਵਿਚਾਰ ਚਰਚਾ ਰਾਹੀਂ ਵਿਵਾਦਾਂ ਨੂੰ ਹੱਲ ਕਰਨਾ ਚਾਹੀਦਾ ਹੈ ਤੇ ਸਾਂਝੇ ਤੌਰ ’ਤੇ ਖਿੱਤੇ ’ਚ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ।

Radio Mirchi