ਭਾਰਤ ਤੇ ਮਿਆਂਮਾਰ ਵਿਚਾਲੇ ਦਸ ਸਮਝੌਤੇ ਸਹੀਬੰਦ

ਭਾਰਤ ਤੇ ਮਿਆਂਮਾਰ ਵਿਚਾਲੇ ਦਸ ਸਮਝੌਤੇ ਸਹੀਬੰਦ

ਭਾਰਤ ਤੇ ਮਿਆਂਮਾਰ ਨੇ ਅੱਜ ਦਸ ਸਮਝੌਤੇ ਸਹੀਬੰਦ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਮੁੱਖ ਨਿਸ਼ਾਨਾ ਦੱਖਣਪੂਰਬੀ ਏਸ਼ਿਆਈ ਮੁਲਕ ਦਾ ਸਮਾਜਿਕ ਤੇ ਆਰਥਿਕ ਵਿਕਾਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਿੰਟ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਲੰਘੇ ਦਿਨ ਭਾਰਤ ਪੁੱਜੇ ਮਿਆਂਮਾਰ ਦੇ ਸਦਰ ਦਾ ਅੱਜ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਮਿੰਟ ਤੇ ਪ੍ਰਥਮ ਮਹਿਲਾ ਚੋ ਚੋ ਨੂੰ ਜੀ ਆਇਆਂ ਆਖਿਆ। ਸ੍ਰੀ ਮੋਦੀ ਤੇ ਰਾਸ਼ਟਰਪਤੀ ਮਿੰਟ ਨੇ ਮਗਰੋਂ ਹੈਦਰਾਬਾਦ ਹਾਊਸ ਵਿੱਚ ਗੱਲਬਾਤ ਕਰਦਿਆਂ ਦਸ ਸਮਝੌਤਿਆਂ ’ਤੇ ਸਹੀ ਪਾਈ। ਕਰਾਰ ਤਹਿਤ ਭਾਰਤ ਮਿਆਂਮਾਰ ਨੂੰ ਖਾਸ ਕਰਕੇ ਸੰਘਰਸ਼ ਦੇ ਝੰਬੇ ਰਖਾਈਨ ਸੂਬੇ ਵਿੱਚ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ ਮਦਦ ਕਰੇਗਾ। ਹੋਰਨਾਂ ਸਮਝੌਤਿਆਂ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਸਹਿਯੋਗ, ਕੁਇਕ ਇੰਪੈਕਟ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਭਾਰਤ ਵੱਲੋਂ ਇਮਦਾਦ ਆਦਿ ਸ਼ਾਮਲ ਹਨ। ਚੇਤੇ ਰਹੇ ਕਿ ਬੀਤੇ ਵਿੱਚ ਰਖਾਈਨ ਸੂਬੇ ’ਚ ਹੋਈ ਹਿੰਸਾ ਮਗਰੋਂ ਵਧੀਕੀਆਂ ਝੱਲ ਰਹੇ ਰੋਹਿੰਗੀਆ ਭਾਈਚਾਰੇ ਨੂੰ ਮੁਲਕ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਮਿਆਂਮਾਰ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ।

Radio Mirchi