ਭਾਰਤ ਦੀ ਸਾਖ ਡਿੱਗੀ; 51ਵੇਂ ਸਥਾਨ ’ਤੇ ਪੁੱਜਿਆ
ਭਾਰਤ 2019 ਦੇ ਜਮਹੂਰੀ ਸੂਚਕ ਅੰਕ ’ਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਮੁਤਾਬਕ ਭਾਰਤ ’ਚ ‘ਆਮ ਨਾਗਰਿਕਾਂ ਦੇ ਅਧਿਕਾਰਾਂ ’ਚ ਘਾਣ’ ਕਰਕੇ ਜਮਹੂਰੀਅਤ ’ਚ ਗਿਰਾਵਟ ਦਾ ਰੁਝਾਨ ਦਰਜ ਹੋਇਆ ਹੈ। ਕੁੱਲ 167 ਮੁਲਕਾਂ ’ਚੋਂ ਭਾਰਤ ਨੂੰ 2018 ’ਚ ਓਵਰਆਲ 7.23 ਅੰਕ ਮਿਲੇ ਸਨ ਜੋ ਹੁਣ ਡਿੱਗ ਕੇ 6.90 ਰਹਿ ਗਏ ਹਨ। ਸੂਚਕ ਅੰਕ ਪੰਜ ਵਰਗਾਂ, ਚੋਣ ਪ੍ਰਕਿਰਿਆ ਅਤੇ ਬਹੁਲਵਾਦ, ਸਰਕਾਰ ਦੇ ਕੰਮਕਾਜ, ਸਿਆਸੀ ਭਾਈਵਾਲੀ, ਸਿਆਸੀ ਸਭਿਆਚਾਰ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ’ਤੇ ਆਧਾਰਿਤ ਹੈ। ਭਾਰਤ ‘ਨੁਕਸਦਾਰ ਲੋਕਤੰਤਰ’ ਦੇ ਵਰਗ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ 6 ਤੋਂ ਵੱਧ ਅਤੇ 8 ਜਾਂ ਇਸ ਤੋਂ ਘੱਟ ਅੰਕ ਦਿੱਤੇ ਜਾਂਦੇ ਹਨ। ਕੁੱਲ ਅੰਕਾਂ ਦੇ ਆਧਾਰ ’ਤੇ ਮੁਲਕਾਂ ਨੂੰ ਚਾਰ ’ਚੋਂ ਇਕ ਵਰਗ ’ਚ ਰੱਖਿਆ ਜਾਂਦਾ ਹੈ। ‘ਮੁਕੰਮਲ ਲੋਕਤੰਤਰ’ ਤਹਿਤ 8 ਤੋਂ ਜ਼ਿਆਦਾ ਅੰਕ ਮਿਲਦੇ ਹਨ ਜਦਕਿ ਬੇਰੜਾ (ਹਾਈਬ੍ਰਿਡ) ਸ਼ਾਸਨ ਤਹਿਤ 4 ਤੋਂ ਵੱਧ ਅਤੇ 6 ਤੋਂ ਘੱਟ ਅਤੇ ਨਿਰੰਕੁਸ਼ ਹਕੂਮਤ ਤਹਿਤ 4 ਜਾਂ ਉਸ ਤੋਂ ਘੱਟ ਅੰਕ ਮਿਲਦੇ ਹਨ। ਉਧਰ ਚੀਨ ਦੇ ਅੰਕ ਡਿੱਗ ਕੇ 2.26 ਰਹਿ ਗਏ ਹਨ ਅਤੇ ਮੁਲਕ ਨੂੰ 153ਵਾਂ ਦਰਜਾ ਮਿਲਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਤੋਂ ਚੀਨ ’ਚ ਘੱਟ ਗਿਣਤੀਆਂ ਨਾਲ ਵਿਤਕਰਾ ਖਾਸ ਕਰਕੇ ਸ਼ਿਨਜਿਆਂਗ ਦੇ ਉੱਤਰ-ਪੱਛਮੀ ਖਿੱਤੇ ’ਚ ਇਹ ਜ਼ਿਆਦਾ ਵੱਧ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਦੀ ਡਿਜੀਟਲ ਨਿਗਰਾਨੀ ਨਾਲ ਵਿਅਕਤੀਗਤ ਆਜ਼ਾਦੀ ’ਤੇ ਵੀ ਅਸਰ ਪਿਆ ਹੈ।