ਭਾਰਤ ਦੀਆਂ ਨੀਤੀਆਂ ਕਾਰਨ ਪਾਕਿ ’ਚ ਸ਼ਰਨਾਰਥੀ ਸੰਕਟ ਦਾ ਖ਼ਤਰਾ: ਇਮਰਾਨ

ਭਾਰਤ ਦੀਆਂ ਨੀਤੀਆਂ ਕਾਰਨ ਪਾਕਿ ’ਚ ਸ਼ਰਨਾਰਥੀ ਸੰਕਟ ਦਾ ਖ਼ਤਰਾ: ਇਮਰਾਨ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੌਮਾਂਤਰੀ ਭਾਈਚਾਰਾ ਭਾਰਤ ਦੇ ਮੌਜੂਦਾ ਹਾਲਾਤ ਦਾ ਨੋਟਿਸ ਲੈਣ ’ਚ ਨਾਕਾਮ ਰਿਹਾ ਤਾਂ ਪਾਕਿਸਤਾਨ ਨੂੰ ਇਕ ਹੋਰ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ’ਚ ਅਫ਼ਗਾਨ ਸ਼ਰਨਾਰਥੀਆਂ ਦੇ 40 ਵਰ੍ਹੇ ਪੂਰੇ ਹੋਣ ’ਤੇ ਦੋ ਰੋਜ਼ਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਅਤਿ ਰਾਸ਼ਟਰਵਾਦੀ ਵਿਚਾਰਧਾਰਾ ’ਤੇ ਲਗਾਮ ਨਹੀਂ ਲੱਗ ਰਹੀ ਹੈ ਅਤੇ ਇਹ ਤਬਾਹੀ ਦਾ ਕਾਰਨ ਬਣ ਸਕਦੀ ਹੈ ਤੇ ਖ਼ਿੱਤੇ ’ਚ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੌਮਾਂਤਰੀ ਭਾਈਚਾਰਾ ਅੱਗੇ ਨਾ ਆਇਆ ਤਾਂ ਭਾਰਤ ’ਚੋਂ ਮੁਸਲਮਾਨ ਪਾਕਿਸਤਾਨ ਆ ਕੇ ਪਨਾਹ ਲੈਣਗੇ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਇਮਰਾਨ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਕਿ ਭਾਰਤ 11 ਦਿਨਾਂ ’ਚ ਪਾਕਿਸਤਾਨ ਨੂੰ ਤਬਾਹ ਕਰ ਸਕਦਾ ਹੈ, ਪਰਮਾਣੂ ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਕੋਈ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਹੈ।’’ ਇਮਰਾਨ ਖ਼ਾਨ ਨੇ ਇਹ ਬਿਆਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੀ ਮੌਜੂਦਗੀ ’ਚ ਦਿੱਤਾ। ‘ਦੁਨੀਆ ਨਿਊਜ਼’ ਮੁਤਾਬਕ ਇਮਰਾਨ ਨੇ ਕਿਹਾ ਕਿ ਇਹ ਜਵਾਹਰਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਾਲਾ ਭਾਰਤ ਨਹੀਂ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਆਪਣੀ ਭੂਮਿਕਾ ਅਦਾ ਕਰਨ ਲਈ ਕਿਹਾ ਅਤੇ ਖ਼ਦਸ਼ਾ ਜਤਾਇਆ ਕਿ ਭਵਿੱਖ ’ਚ ਇਹ ਵੱਡੀ ਸਮੱਸਿਆ ਬਣ ਸਕਦੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੂਤਵ ਵਿਚਾਰਧਾਰਾ ਕਾਰਨ ਕਸ਼ਮੀਰੀਆਂ ’ਤੇ 200 ਦਿਨਾਂ ਤੋਂ ਵਧ ਸਮੇਂ ਤੱਕ ਪਾਬੰਦੀਆਂ ਲਾਗੂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਵਿਚਾਰਧਾਰਾ ਤਹਿਤ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਤਕਰੇ ਵਾਲੇ ਦੋ ਬਿਲ ਪਾਸ ਕੀਤੇ ਹਨ। ਉਨ੍ਹਾਂ ਦਾ ਇਸ਼ਾਰਾ ਨਾਗਰਿਕਤਾ ਸੋਧ ਕਾਨੂੰਨ ਅਤੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਵੱਲ ਸੀ।

Radio Mirchi