ਭਾਰਤ ਦੇ 22 ਡਿਪਲੋਮੈਟਾਂ ਨੇ ਕੈਨੇਡਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਿਖੀ ਖੁੱਲ੍ਹੀ ਚਿੱਠੀ
ਨਵੀਂ ਦਿੱਲੀ : ਭਾਰਤ ਦੇ ਕਈ ਸਾਬਕਾ ਡਿਪਲੋਮੈਟਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ 'ਤੇ ਕੈਨੇਡਾ ਦੇ ਰੁਖ਼ ਨੂੰ ਵੋਟ ਬੈਂਕ ਦੀ ਸਿਆਸਤ ਦੱਸਦੇ ਹੋਏ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ 'ਤੇ ਭਾਰਤ ਦੇ 22 ਸਾਬਕਾ ਡਿਪਲੋਮੈਟਾਂ ਦੇ ਹਸਤਾਖ਼ਰ ਹਨ। ਇਨ੍ਹਾਂ ਵਿਚ ਕੈਨੇਡਾ ਵਿਚ ਹਾਈ ਕਮਿਸ਼ਨਰ ਰਹੇ ਵਿਸ਼ਣੂ ਪ੍ਰਕਾਸ਼ ਵੀ ਸ਼ਾਮਲ ਹਨ। ਉਕਤ ਸਾਬਕਾ ਡਿਪਲੋਮੈਟਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨ ਅੰਦੋਲਨ 'ਤੇ ਕੀਤੀ ਗਈ ਟਿੱਪਣੀ ਨੂੰ ਗੈਰ-ਜ਼ਰੂਰੀ, ਜ਼ਮੀਨੀ ਹਕੀਕਤ ਤੋਂ ਦੂਰ ਅਤੇ ਭੜਕਾਊ ਕਰਾਰ ਦਿੱਤਾ ਹੈ।
ਪਿਛਲੇ ਹਫ਼ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲਦਿਆਂ ਟਰੂਡੋ ਨੇ ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਭਾਰਤ ਸਰਕਾਰ ਨੇ ਟਰੂਡੋ ਦੇ ਬਿਆਨ ਨੂੰ ਲੈ ਕੇ ਤਿੱਖਾ ਇਤਰਾਜ਼ ਪ੍ਰਗਟ ਕੀਤਾ ਸੀ।
ਸਿਆਸੀ ਲਾਭ ਲਈ ਭਾਰਤ ਵਿਰੋਧੀ ਸਰਗਰਮੀਆਂ ਨੂੰ ਬੇਧਿਆਨ ਕੀਤਾ ਜਾ ਰਿਹੈ
ਭਾਰਤ ਦੇ ਸਾਬਕਾ ਡਿਪਲੋਮੈਟਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਕੈਨੇਡਾ ਵਿਚ ਥੋੜ੍ਹੇ ਸਮੇਂ ਦੇ ਸਿਆਸੀ ਲਾਭ ਲਈ ਵੱਡੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੈਨੇਡਾ ਵਿਚ ਕਈ ਗੁਰਦੁਆਰੇ ਖਾਲਿਸਤਾਨੀਆਂ ਦੇ ਕੰਟਰੋਲ ਵਿਚ ਹਨ। ਇਨ੍ਹਾਂ ਰਾਹੀਂ ਉਨ੍ਹਾਂ ਨੂੰ ਕਾਫ਼ੀ ਫੰਡ ਇਕੱਠੇ ਹੁੰਦੇ ਹਨ। ਇਸ ਫੰਡ ਨੂੰ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਵਿਚ ਵਰਤਿਆ ਜਾਂਦਾ ਹੈ।
ਖਾਲਿਸਤਾਨੀਆਂ ਅਤੇ ਪਾਕਿ ਦੇ ਰਾਜਦੂਤ ਦਰਮਿਆਨ ਗੰਢ-ਸੰਢ
ਭਾਰਤੀ ਡਿਪਲੋਮੈਟਾਂ ਨੇ ਖਾਲਿਸਤਾਨੀਆਂ ਅਤੇ ਪਾਕਿਸਤਾਨੀ ਰਾਜਦੂਤ ਦਰਮਿਆਨ ਗੰਢ-ਸੰਢ ਹੋਣ ਦੀ ਗੱਲ ਵੀ ਕਹੀ ਹੈ। ਪਾਕਿਸਤਾਨੀ ਰਾਜਦੂਤ ਖਾਲਿਸਤਾਨੀ ਹਮਾਇਤੀ ਪ੍ਰੋਗਰਾਮਾਂ ਵਿਚ ਇਕ ਸਾਜਿਸ਼ ਅਧੀਨ ਹਿੱਸਾ ਲੈਂਦੇ ਰਹਿੰਦੇ ਹਨ। ਕੈਨੇਡਾ ਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। 2018 ਵਿਚ ਵੀ ਕੈਨੇਡਾ ਵਿਚ ਅੱਤਵਾਦ ਨੂੰ ਲੈ ਕੇ ਇਕ ਰਿਪੋਰਟ ਆਈ ਸੀ, ਜਿਸ ਵਿਚ ਖਾਲਿਸਤਾਨੀਆਂ ਅਤੇ ਪੰਜਾਬ ਦੇ ਅੱਤਵਾਦ ਦਾ ਜ਼ਿਕਰ ਹੋਇਆ ਸੀ। ਬਾਅਦ ਵਿਚ ਵਿਵਾਦ ਹੋਣ 'ਤੇ ਰਿਪੋਰਟ ਵਿਚੋਂ ਉਕਤ ਸਭ ਗੱਲਾਂ ਹਟਾ ਲਈਆਂ ਗਈਆਂ ਸਨ।