ਭਾਰਤ ਬੰਦ: ਪੱਛਮੀ ਬੰਗਾਲ ’ਚ ਹਿੰਸਾ ਤੇ ਅੱਗਜ਼ਨੀ, 55 ਗ੍ਰਿਫ਼ਤਾਰ
ਦਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦਿੱਤੇ ਇਕ ਰੋਜ਼ਾ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਪੱਛਮੀ ਬੰਗਾਲ ਵਿੱਚ ਬੰਦ ਦੇ ਸੱਦੇ ਨੂੰ ਜਬਰੀ ਅਮਲ ’ਚ ਲਿਆਉਣ ਮੌਕੇ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਪ੍ਰਦਰਸ਼ਨਕਾਰੀਆਂ ਨੇ ਬੱਸਾਂ, ਪੁਲੀਸ ਵਾਹਨਾਂ ਤੇ ਸਰਕਾਰੀ ਜਾਇਦਾਦ ਦੀ ਭੰਨਤੋੜ ਕੀਤੀ। ਪੁਲੀਸ ਨੇ 55 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੰਦ ਕਰਕੇ ਜਿੱਥੇ ਦੇਸ਼ ਭਰ ਵਿੱਚ ਕੁਝ ਸਰਕਾਰੀ ਬੈਂਕਾਂ ’ਚ ਸੇਵਾਵਾਂ ਅਸਰਅੰਦਾਜ਼ ਹੋਈਆਂ, ਉਥੇ ਅਸਾਮ, ਪੱਛਮੀ ਬੰਗਾਲ ਤੇ ਕੇਰਲ ਵਿੱਚ ਰੇਲ ਤੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ ਤੇ ਆਮ ਜ਼ਿੰਦਗੀ ਲੀਹੋਂ ਲਹਿ ਗਈ। ਕੌਮੀ ਰਾਜਧਾਨੀ ਵਿੱਚ ਬੰਦ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ, ਹਾਲਾਂਕਿ ਬਹੁਤੇ ਸਨਅਤੀ ਕਿਰਤੀ ਕੰਮ ਤੋਂ ਦੂਰ ਹੀ ਰਹੇ।
ਭਾਰਤ ਬੰਦ ਦੇ ਸੱਦੇ ਤਹਿਤ ਪੱੱਛਮੀ ਬੰਗਾਲ ਦੇ ਵੱਖ ਵੱਖ ਹਿੱਸਿਆਂ ’ਚ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਵਾਹਨਾਂ, ਬੱਸਾਂ ਤੇ ਸਰਕਾਰੀ ਸੰਪਤੀ ਨੂੰ ਨਿਸ਼ਾਨਾ ਬਣਾਇਆ। ਮਾਲਦਾ ਜ਼ਿਲ੍ਹੇ ਦੇ ਸੁਜਾਪੁਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਾਇਰਾਂ ਨੂੰ ਅੱਗ ਲਾ ਕੇ ਸੜਕ ਜਾਮ ਕੀਤੀ ਤੇ ਮਗਰੋਂ ਸਰਕਾਰੀ ਬੱਸਾਂ ਤੇ ਇਕ ਪੁਲੀਸ ਵੈਨ ਸਮੇਤ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ਕਰਮੀਆਂ ਨੂੰ ਪੱਥਰ ਮਾਰੇ ਤੇ ਪੈਟਰੋਲ ਬੰਬ ਸੁੱਟੇ। ਪੁਲੀਸ ਨੇ ਹਾਲਾਤ ਹੱਥੋਂ ਨਿਕਲਦੇ ਵੇਖ ਹਜੂਮ ਨੂੰ ਲਾਠੀਆਂ ਨਾਲ ਝੰਬਿਆ ਤੇ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਬੰਦ ਕਰਕੇ ਰਾਜ ਦੇ ਵੱਖ ਵੱੱਖ ਹਿੱਸਿਆਂ ’ਚ ਰੇਲ ਤੇ ਸੜਕੀ ਆਵਾਜਾਈ ਵੀ ਅਸਰਅੰਦਾਜ਼ ਹੋਈ। ਪੂਰਬੀ ਬਰਦਵਾਨ ਜ਼ਿਲ੍ਹੇ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ਜਾਮ ਕੀਤਾ। ਪੂਰਬੀ ਮਿਦਨਾਪੁਰ ਜ਼ਿਲ੍ਹੇ ਵਿੱਚ ਹਜੂਮ ਨੇ ਬੱਸਾਂ ’ਤੇ ਪੱਥਰ ਮਾਰੇ। ਕੂਚ ਬਿਹਾਰ ਜ਼ਿਲ੍ਹੇ ਵਿੱਚ ਬੱਸਾਂ ਦੀ ਭੰਨਤੋੜ ਕੀਤੀ ਗਈ। ਡਮਡਮ ਤੇ ਲੇਕ ਟਾਊਨ ਇਲਾਕੇ ਵਿੱਚ ਬੰਦ ਦੇ ਹਮਾਇਤੀ ਖੱਬੇਪੱਖੀ ਕਾਰਕੁਨਾਂ ਤੇ ਵਿਰੋਧੀ ਟੀਐੱਮਸੀ ਮੈਂਬਰਾਂ ਵਿਚਾਲੇ ਝੜਪਾਂ ਹੋਈਆਂ। ਜਾਧਵਪੁਰ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਬੰਦ ਦੀ ਹਮਾਇਤ ਕਰਦਿਆਂ ਕੈਂਪਸ ਨੇੜੇ ਪ੍ਰਦਰਸ਼ਨ ਕੀਤਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਬੰਦ ਦਾ ਵਿਰੋਧ ਕਰਦਿਆਂ ਉੱਤਰੀ ਬੰਗਾਲ ’ਚ ਕੁਝ ਥਾਈ ਰੈਲੀਆਂ ਕੀਤੀਆਂ ਤੇ ਲੋਕਾਂ ਨੂੰ ਸੰਜਮ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਨੌਰਥ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਖੇਤਰ ਵਿੱਚ ਕਈ ਥਾਈਂ ਸੜਕਾਂ ਕੰਢਿਓਂ ਤੇ ਰੇਲਵੇ ਟਰੈਕ ਨੇੜਿਓਂ ਪੈਟਰੋਲ ਬੰਬ ਮਿਲੇ। ਉਂਜ ਬੰਦ ਕਰਕੇ ਆਮ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ।