ਭਾਰਤ ਵਿਰੋਧੀ ਸਰਗਰਮੀਆਂ ਕਰਕੇ ਬਰਤਾਨਵੀ ਕਾਨੂੰਨਸਾਜ਼ ਦਾ ਵੀਜ਼ਾ ਰੱਦ ਹੋਇਆ
ਕਥਿਤ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਬਰਤਾਨਵੀ ਕਾਨੂੰਨਸਾਜ਼ ਡੈਬੀ ਅਬਰਾਹਮਜ਼ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣ ਤੋਂ ਇਕ ਦਿਨ ਮਗਰੋਂ ਸਰਕਾਰ ਵਿਚਲੇ ਸੂਤਰਾਂ ਨੇ ਅੱਜ ਕਿਹਾ ਕਿ ਬਰਤਾਨਵੀ ਸੰਸਦ ਮੈਂਬਰ ਦੀ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਮੂਲੀਅਤ ਕਰਕੇ ਹੀ ਉਸ ਦਾ ਈ-ਵੀਜ਼ਾ ਰੱਦ ਕੀਤਾ ਗਿਆ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਅਬਰਾਹਮਜ਼ ਨੂੰ 14 ਫਰਵਰੀ ਨੂੰ ਹੀ ਵੀਜ਼ਾ ਰੱਦ ਕਰਨ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਉਧਰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਬਰਤਾਨਵੀ ਕਾਨੂੰਨਸਾਜ਼ ਨੂੰ ਜਾਇਜ਼ ਵੀਜ਼ੇ ਦੀ ਅਣਹੋਂਦ ਵਿੱਚ ਭਾਰਤ ’ਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਇਸ ਦੌਰਾਨ ਕਾਂਗਰਸ ਆਗੂ ਤੇ ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਅਬਰਾਹਮਜ਼ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਡੈਮੀ ਅਬਰਾਹਮਜ਼ ਮਹਿਜ਼ ਸੰਸਦ ਮੈਂਬਰ ਨਹੀਂ ਬਲਕਿ ਉਹ ਪਾਕਿ ਵੱਲੋਂ ਭਾਰਤ ਖ਼ਿਲਾਫ਼ ਛੇੜੀ ‘ਲੁਕਵੀਂ ਖੇਡ’ ਦਾ ਹਿੱਸਾ ਹੈ।
ਸਰਕਾਰ ਵਿਚਲੇ ਇਕ ਸੂਤਰ ਨੇ ਕਿਹਾ, ‘ਡੈਬੀ ਅਬਰਾਹਮਜ਼ ਦਾ ਈ-ਬਿਜ਼ਨਸ ਵੀਜ਼ਾ 14 ਫਰਵਰੀ 2020 ਨੂੰ ਹੀ ਰੱਦ ਕਰ ਦਿੱਤਾ ਗਿਆ ਸੀ। ਉਹ ਭਾਰਤ ਦੇ ਕੌਮੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਸਰਗਰਮੀਆਂ ’ਚ ਸ਼ੁਮਾਰ ਸੀ। ਉਸ ਨੂੰ ਵੀਜ਼ਾ ਰੱਦ ਕੀਤੇ ਜਾਣ ਬਾਰੇ 14 ਫਰਵਰੀ ਨੂੰ ਹੀ ਸੂਚਿਤ ਕਰ ਦਿੱਤਾ ਗਿਆ ਸੀ।’ ਸੂਤਰਾਂ ਨੇ ਕਿਹਾ ਅਬਰਾਹਮਜ਼ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਉਸ ਕੋਲ ਵਾਜ਼ਬ ਵੀਜ਼ਾ ਨਹੀਂ ਸੀ ਤੇ ਇਹੀ ਵਜ੍ਹਾ ਹੈ ਕਿ ਉਸ ਨੂੰ ਮੁੜਨ ਲਈ ਆਖਿਆ ਗਿਆ। ਸੂਤਰਾਂ ਨੇ ਅਬਰਾਹਮਜ਼ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਉਸ ‘ਆਮਦ ’ਤੇ ਵੀਜ਼ਾ’ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਯੂਕੇ ਨਾਗਰਿਕਾਂ ਨੂੰ ‘ਵੀਜ਼ਾ ਔਨ ਅਰਾਈਵਲ’ ਦੇਣ ਦੀ ਕੋਈ ਵਿਵਸਥਾ ਮੌਜੂਦ ਨਹੀਂ ਹੈ। ਲੰਡਨ ਸਥਿਤ ਭਾਰਤੀ ਮਿਸ਼ਨ ਨੇ ਟਵਿੱਟਰ ’ਤੇ ਇਕ ਬਿਆਨ ਵਿੱਚ ਕਿਹਾ, ‘ਮਿਸ਼ਨ ਨੇ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਇਹ ਪੁਸ਼ਟੀ ਕੀਤੀ ਹੈ ਕਿ ਡੈਬੀ ਅਬਰਾਹਮਜ਼ ਕੋਲ ਵਾਜ਼ਬ ਵੀਜ਼ਾ ਨਹੀਂ ਸੀ। ਤੇ ਯੂਕੇ ਨਾਗਰਿਕਾਂ ਨੂੰ ‘ਮੌਕੇ ’ਤੇ ਵੀਜ਼ਾ ਦੇਣ’ ਦੀ ਕੋਈ ਵਿਵਸਥਾ ਵੀ ਨਹੀਂ ਹੈ। ਲਿਹਾਜ਼ਾ ਬਰਤਾਨਵੀ ਕਾਨੂੰਨਸਾਜ਼ ਨੂੰ ਮੋੜਨਾ ਪਿਆ।’ ਇਸ ਦੌਰਾਨ ਸਿੰਘਵੀ ਨੇ ਇਕ ਟਵੀਟ ’ਚ ਕਿਹਾ, ‘ਭਾਰਤ ਵੱਲੋਂ ਡੈਬੀ ਅਬਰਾਹਮਜ਼ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਨਾ ਜ਼ਰੂਰੀ ਸੀ, ਕਿਉਂਕਿ ਉਹ ਮਹਿਜ਼ ਇਕ ਸੰਸਦ ਮੈਂਬਰ ਨਹੀਂ ਬਲਕਿ ਪਾਕਿ ਸਰਕਾਰ ਵੱਲੋਂ ਭਾਰਤ ਖ਼ਿਲਾਫ਼ ਛੇੜੀ ਲੁਕਵੀਂ ਜੰਗ ਦਾ ਮੋਹਰਾ ਸੀ। ਭਾਰਤੀ ਦੀ ਪ੍ਰਭੂਸੱਤਾ ’ਤੇ ਹਮਲੇ ਵਜੋਂ ਕੀਤੇ ਕਿਸੇ ਵੀ ਕੋਸ਼ਿਸ਼ ਨੂੰ ਭਾਂਜ ਦੇਣ ਦੀ ਲੋੜ ਹੈ।’