ਭਾਰਤ-ਵੈਸਟ ਇੰਡੀਜ਼ ਵਿਚਾਲੇ ਪਹਿਲਾ ਇਕ ਰੋਜ਼ਾ ਮੈਚ ਅੱਜ
ਭਾਰਤ ਐਤਵਾਰ ਤੋਂ ਇੱਕੇ ਵੈਸਟ ਇੰਡੀਜ਼ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਕੌਮਾਂਤਰੀ ਲੜੀ ’ਚ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਤਰੇਗਾ ਜਿਸ ਵਿੱਚ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਕੈਰੇਬਿਆਈ ਟੀਮ ਖ਼ਿਲਾਫ਼ 10ਵੀਂ ਦੋ ਪੱਖੀ ਇਕ ਰੋਜ਼ਾ ਲੜੀ ਜਿੱਤਣ ’ਤੇ ਟਿਕੀਆਂ ਹੋਣਗੀਆਂ। ਪਿਛਲੇ 24 ਘੰਟਿਆਂ ਤੋਂ ਇੱਥੇ ਮੀਂਹ ਪੈ ਰਿਹਾ ਹੈ ਜਿਸ ਕਰ ਕੇ ਦੋਵੇਂ ਟੀਮਾਂ ਦੀਆਂ ਨਜ਼ਰਾਂ ਮੌਸਮ ’ਤੇ ਟਿਕੀਆਂ ਹੋਣਗੀਆਂ।
ਮੇਜ਼ਬਾਨ ਟੀਮ ਨੂੰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਘਾਟ ਰੜਕੇਗੀ। ਭੁਵਨੇਸ਼ਵਰ ਦੀ ਗਰੋਈਨ ’ਚ ਸੱਟ ਹੈ ਜਦੋਂਕਿ ਧਵਨ ਸਈਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਦੌਰਾਨ ਲੱਗੀ ਸੱਟ ਤੋਂ ਹੁਣ ਤੱਕ ਨਹੀਂ ਉੱਭਰ ਸਕਿਆ ਹੈ। ਆਈਪੀਐੱਲ ’ਚ ਚੇਨੱਈ ਸੁਪਰ ਕਿੰਗਜ਼ ਵੱਲੋਂ ਖੇਡਣ ਵਾਲੇ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਜ਼ਖ਼ਮੀ ਭੁਵਨੇਸ਼ਵਰ ਦੇ ਬਦਲ ਵਜੋਂ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮੁੰਬਈ ’ਚ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਤੋਂ ਟੀ20 ਲੜੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਲੈਅ ’ਚ ਹੈ।
ਧਵਨ ਦੀ ਗੈਰ-ਮੌਜੂਦਗੀ ’ਚ ਇਕ ਰੋਜ਼ਾ ਲੜੀ ’ਚ ਵੀ ਪਾਰੀ ਦਾ ਆਗਾਜ਼ ਕਰਨ ਦੀ ਜ਼ਿੰਮੇਦਾਰੀ ਰੋਹਿਤ ਤੇ ਰਾਹੁਲ ਨੂੰ ਸੌਂਪੀ ਜਾ ਸਕਦੀ ਹੈ। ਮਯੰਕ ਅਗਰਵਾਲ ਨੂੰ ਧਵਨ ਦੇ ਬਦਲ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਉਸ ਨੂੰ ਇਕ ਰੋਜ਼ਾ ਕ੍ਰਿਕਟ ’ਚ ਸ਼ੁਰੂਆਤ ਦਾ ਮੌਕਾ ਮਿਲਦਾ ਹੈ ਜਾਂ ਨਹੀਂ। ਕਰਨਾਟਕ ਦਾ ਇਹ ਬੱਲੇਬਾਜ਼ ਟੈਸਟ ਕ੍ਰਿਕਟ ’ਚ ਸ਼ਾਨਦਾਰ ਫਾਰਮ ’ਚ ਸੀ ਅਤੇ ਡਿੰਡੀਗੁਲ ’ਚ ਤਾਮਿਲਨਾਡੂ ਖ਼ਿਲਾਫ਼ ਰਣਜੀ ਟਰਾਫੀ ਮੈਚ ਖੇਡਣ ਤੋਂ ਬਾਅਦ ਟੀਮ ਨਾਲ ਜੁੜਿਆ ਹੈ।
ਸ਼੍ਰੇਅਸ ਅਈਅਰ ਮੌਕਿਆਂ ਦਾ ਫਾਇਦਾ ਉਠਾਉਣ ’ਚ ਸਫ਼ਲ ਰਿਹਾ ਹੈ ਅਤੇ ਆਸ ਹੈ ਕਿ ਉਸ ਨੂੰ ਚੌਥੇ ਨੰਬਰ ’ਤੇ ਕਾਇਮ ਰੱਖਿਆ ਜਾਵੇਗਾ। ਇਹ ਸਥਾਨ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਕੇਂਦਰ ਰਿਹਾ ਹੈ। ਅੰਬਾਤੀ ਰਾਇਡੂ ਤੇ ਵਿਜੈ ਸ਼ੰਕਰ ਸਣੇ ਕਈ ਖਿਡਾਰੀਆਂ ਨੂੰ ਇਸ ਸਥਾਨ ’ਤੇ ਅਜ਼ਮਾਇਆ ਗਿਆ ਜਿਸ ਤੋਂ ਬਾਅਦ ਅਈਅਰ ਇਸ ਕ੍ਰਮ ’ਤੇ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ’ਚ ਜੁੱਟਿਆ ਹੈ। ਸਾਰਿਆਂ ਦੀਆਂ ਨਜ਼ਰਾਂ ਵਿਕਟਕੀਪਰ ਬੱਲਬਾਜ਼ ਰਿਸ਼ਭ ਪੰਤ ’ਤੇ ਵੀ ਟਿਕੀਆਂ ਹੋਣਗੀਆਂ ਜੋ ਪਿਛਲੇ ਕੁਝ ਸਮੇਂ ਤੋਂ ਨਾਕਾਮ ਰਿਹਾ ਹੈ। ਪਹਿਲੇ ਇਕ ਰੋਜ਼ਾ ਰਾਹੀਂ ਉਸ ਨੂੰ ਇਕ ਵਾਰ ਫਿਰ ਕੋਹਲੀ ਤੇ ਟੀਮ ਪ੍ਰਬੰਧਨ ਦੇ ਭਰੋਸੇ ’ਤੇ ਖਰਾ ਉਤਰਨ ਦਾ ਮੌਕਾ ਮਿਲੇਗਾ। ਇਹ ਵੀ ਦੇਖਣਾ ਹੋਵੇਗਾ ਕਿ ਯੁਜ਼ਵੇਂਦਰ ਚਹਿਲ ਤੇ ਕੁਲਦੀਪ ਯਾਦਵ ਦੀ ਸਪਿੰਨ ਜੋੜੀ ਨੂੰ ਚੇਪਕ ਦੀ ਸਪਿੰਨ ਪੱਖੀ ਪਿੱਚ ’ਤੇ ਇਕ ਵਾਰ ਨਾਲ ਖੇਡਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ। ਤਜ਼ਰਬੇਕਾਰ ਮੁਹੰਮਦ ਸ਼ਮੀ ਤੇ ਦੀਪਕ ਚਾਹਰ ਸੰਭਾਵੀ ਤੇਜ਼ ਗੇਂਦਬਾਜ਼ ਹਮਲੇ ’ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਵੈਸਟ ਇੰਡੀਜ਼ ਦੇ ਹਮਲਾਵਰ ਬੱਲੇਬਾਜ਼ਾਂ ਦੀ ਚੁਣੌਤੀ ਦੀ ਸਾਹਮਣਾ ਕਰਨਾ ਹੋਵੇਗਾ। ਉੱਧਰ, ਵੈਸਟ ਇੰਡੀਜ਼ ਨੂੰ ਆਸ ਹੋਵੇਗੀ ਕਿ ਮੁੰਬਈ ’ਚ ਆਖ਼ਰੀ ਟੀ20 ਦੌਰਾਨ ਫੀਲਡਿੰਗ ਕਰਦੇ ਹੋਏ ਜ਼ਖ਼ਮੀ ਹੋਏ ਹਮਲਾਵਰ ਸਲਾਮੀ ਬੱਲੇਬਾਜ਼ ਐਵਿਨ ਲਿਊਜ਼ ਇਕ ਰੋਜ਼ਾ ਲੜੀ ’ਚ ਖੇਡ ਸਕੇਗਾ। ਟੀਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਇਕ ਰੋਜ਼ਾ ਮੈਚ ਤੋਂ ਉਸ ਦੀ ਸੱਟ ਦਾ ਅੰਦਾਜ਼ਾ ਲਗਾਇਆ ਜਾਵੇਗਾ। ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਹਮਲਾਵਰ ਬੱਲੇਬਾਜ਼ੀ ਕਰਨ ਤੋਂ ਇਲਾਵਾ ਵਿਕਟ ਵੀ ਬਚਾਉਣੇ ਹੋਣਗੇ ਜਿਸ ਨਾਲ ਕਿ ਆਖ਼ਰੀ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਈਆਂ ਜਾ ਸਕਣ। ਸ਼ਿਮਰੌਨ ਹੈੱਟਮਾਇਰ ਤੇ ਨਿਕੋਲਸ ਪੂਰਨ ਨੇ ਸਭ ਤੋਂ ਛੋਟੇ ਰੂਪ ’ਚ ਆਪਣੀ ਸਮਰੱਥਾ ਦਿਖਾਈ ਹੈ ਅਤੇ ਜੇਕਰ ਵੈਸਟ ਇੰਡੀਜ਼ ਨੂੰ ਭਾਰਤ ਨੂੰ ਚੁਣੌਤੀ ਦੇਣੀ ਹੈ ਤਾਂ 50 ਓਵਰਾਂ ਦੇ ਰੂਪ ’ਚ ਵੀ ਉਸ ਨੂੰ ਅਜਿਹਾ ਹੀ ਕਰਨਾ ਹੋਵੇਗਾ। ਆਲਰਾਊਂਡਰ ਰੋਸਟਨ ਚੇਜ਼ ਨੂੰ ਆਖ਼ਰੀ ਗਿਆਰਾਂ ’ਚ ਜਗ੍ਹਾ ਮਿਲਣ ਦੀ ਆਸ ਹੈ ਅਤੇ ਉਹ ਹਮਲਾਵਰ ਬੱਲੇਬਾਜ਼ਾਂ ਦਰਮਿਆਨ ਬੱਲੇਬਾਜ਼ ਕ੍ਰਮ ਨੂੰ ਸਥਿਰਤਾ ਦੇ ਸਕਦਾ ਹੈ।
ਕਪਤਾਨ ਕੀਰੋਨ ਪੋਲਾਰਡ ਨੂੰ ਚੰਗੇ ਪ੍ਰਦਰਸ਼ਨ ਕਰ ਕੇ ਟੀਮ ਦੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਨਾ ਹੋਵੇਗਾ। ਟੀਮ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਸ਼ੈਲਡਨ ਕੌਟਰੈਲ ਕਰੇਗਾ ਜਿਸ ਦਾ ਮਕਸਦ ਰੋਹਿਤ, ਰਾਹੁਲ ਤੇ ਕੋਹਲੀ ਦੀ ਸ਼ਾਨਦਾਰ ਫਾਰਮ ਵਿਚਾਲੇ ਜੇਕਰ ਮਹਿਮਾਨ ਟੀਮ ਨੂੰ ਭਾਰਤ ਦਾ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਣਾ ਹੈ ਜੋ ਜਲਦੀ ਵਿਕਟਾਂ ਲਵੇਗਾ।
ਲੈੱਗ ਸਪਿੰਨਰ ਹੇਡਨ ਵਾਸ਼ ਜੂਨੀਅਰ ਨੇ ਟੀ20 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਦੇ ਸਾਹਮਣੇ ਕੋਹਲੀ ਤੇ ਉਸ ਦੀ ਟੀਮ ਨੂੰ ਰੋਕਣ ਦੀ ਸਖ਼ਤ ਚੁਣੌਤੀ ਹੋਵੇਗੀ ਜੋ ਸਪਿੰਨਰਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਦੀ ਹੈ। ਰਾਤ ਨੂੰ ਭਾਰੀ ਮੀਂਹ ਕਾਰਨ ਮੈਦਾਨ ਗਿੱਲਾ ਹੋਣ ਨਾਲ ਹਾਲਾਂਕਿ ਮੈਚ ਦੀ ਪੂਰਵਲੀ ਸ਼ਾਮ ਭਾਰਤੀ ਟੀਮ ਦਾ ਅਭਿਆਸ ਸੈਸ਼ਨ ਰੱਦ ਕਰ ਦਿੱਤਾ ਗਿਆ ਹੈ।