ਭਾਰਤ ਹਮੇਸ਼ਾ ਸੰਜਮ ਦੀ ਆਵਾਜ਼ ਬਣਿਆ ਰਹੇਗਾ: ਜੈਸ਼ੰਕਰ

ਭਾਰਤ ਹਮੇਸ਼ਾ ਸੰਜਮ ਦੀ ਆਵਾਜ਼ ਬਣਿਆ ਰਹੇਗਾ: ਜੈਸ਼ੰਕਰ

ਨਵੀਂ ਦਿੱਲੀ: ਭਾਰਤ ਵੱਲੋਂ ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਸਲਮਾਤੀ ਪਰਿਸ਼ਦ ਦੀ ਪ੍ਰਧਾਨਗੀ ਸੰਭਾਲਣ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਹਮੇਸ਼ਾ ਸੰਜਮ ਦੀ ਆਵਾਜ਼, ਵਾਰਤਾ ਦਾ ਪੈਰੋਕਾਰ ਅਤੇ ਕੌਮਾਂਤਰੀ ਕਾਨੂੰਨ ਦਾ ਹਮਾਇਤੀ ਬਣਿਆ ਰਹੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਸ ਨੂੰ ਮਹੱਤਵਪੂਰਨ ਦਿਨ ਦੱਸਿਆ ਅਤੇ ਦੁਨੀਆ ਨੂੰ ਲੈ ਕੇ ਭਾਰਤ ਦੇ ਨਜ਼ਰੀਏ ਦਾ ਜ਼ਿਕਰ ਕਰਨ ਲਈ ‘ਦੁਨੀਆ ਇਕ ਪਰਿਵਾਰ’ ਵਾਲੇ ਮੰਤਰ ਦਾ ਹਵਾਲਾ ਦਿੱਤਾ। ਜੈਸ਼ੰਕਰ ਨੇ ਟਵੀਟ ਕਰਕੇ ਕਿਹਾ,‘‘ਅਗਸਤ ਲਈ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਕਮਾਨ ਸੰਭਾਲਣ ਦੇ ਨਾਲ ਅਸੀਂ ਹੋਰ ਮੈਂਬਰਾਂ ਨਾਲ ਸਾਰਥਿਕ ਤੌਰ ’ਤੇ ਕੰਮ ਕਰਨ ਲਈ ਉਤਾਵਲੇ ਹਾਂ।’’ ਬਾਗਚੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਭਾਰਤ ਦਾ ਕਾਰਜਕਾਲ ਪੰਜ ‘ਸ’-ਸੰਮਾਨ, ਸੰਵਾਦ, ਸਹਿਯੋਗ, ਸ਼ਾਂਤੀ ਅਤੇ ਸਮ੍ਰਿਧੀ ਤੋਂ ਸੇਧ ਲਵੇਗਾ। ਭਾਰਤ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਕੰਮਕਾਰ 2 ਅਗਸਤ ਤੋਂ ਸ਼ੁਰੂ ਕਰੇਗਾ। ਭਾਰਤ ਨੇ ਪਹਿਲੀ ਜਨਵਰੀ ਤੋਂ ਯੂਐੱਨਐੱਸਸੀ ਦੇ ਗ਼ੈਰਸਥਾਈ ਮੈਂਬਰ ਵਜੋਂ ਦੋ ਸਾਲ ਦਾ ਕਾਰਜਕਾਲ ਸ਼ੁਰੂ ਕੀਤਾ ਸੀ।
ਅਸਥਾਈ ਮੈਂਬਰ ਵਜੋਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਭਾਰਤ ਦਾ ਇਹ ਸੱਤਵਾਂ ਕਾਰਜਕਾਲ ਹੈ। ਆਲਮੀ ਜਥੇਬੰਦੀ ਲਈ ਆਪਣੀ ਚੋਣ ਤੋਂ ਬਾਅਦ ਭਾਰਤ ਨੇ ਕਿਹਾ ਕਿ ਉਹ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਜ਼ਿੰਮੇਵਾਰ ਅਤੇ ਬਹੁ-ਪਰਤੀ ਪ੍ਰਣਾਲੀ ’ਚ ਸੁਧਾਰਾਂ ਨੂੰ ਉਤਸ਼ਾਹਿਤ ਕਰੇਗਾ।

Radio Mirchi