ਭਾਰਤ ਹਿੰਦੂ ਰਾਸ਼ਟਰ: ਭਾਗਵਤ
ਨਾਗਪੁਰ-ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਸੰਘ ਆਪਣੇ ਇਸ ਨਜ਼ਰੀਏ ’ਤੇ ਅੱਜ ਵੀ ਕਾਇਮ ਹੈ ਕਿ ‘ਭਾਰਤ ਇੱਕ ਹਿੰਦੂ ਰਾਸ਼ਟਰ’ ਹੈ ਅਤੇ ਜੇਕਰ ਹਿੰਦੂ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਦੀ ਗੱਲ ਸੁਣੇ ਤਾਂ ਉਨ੍ਹਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ।
ਇੱਥੋਂ ਦੇ ਰੇਸ਼ਮੀਬਾਗ ਮੈਦਾਨ ’ਚ ਦਸਹਿਰਾ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ ਕਿ ਦੇਸ਼ ਦੇ ਮਾਣ ਅਤੇ ਅਮਨ ਲਈ ਕੰਮ ਕਰ ਰਹੇ ਸਾਰੇ ਭਾਰਤੀ ਹਿੰਦੂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ, ‘ਸੰਘ ਦਾ ਆਪਣੇ ਮੁਲਕ ਦੀ ਪਛਾਣ, ਸਾਡੀ ਸਾਰਿਆਂ ਦੀ ਸਾਂਝੀ ਪਛਾਣ, ਸਾਡੇ ਦੇਸ਼ ਦੇ ਸੁਭਾਅ ਦੀ ਪਛਾਣ ਬਾਰੇ ਸਪੱਸ਼ਟ ਨਜ਼ਰੀਆ ਤੇ ਐਲਾਨ ਹੈ ਅਤੇ ਸੰਘ ਇਸ ’ਤੇ ਅਟਲ ਹੈ ਕਿ ਭਾਰਤ ਹਿੰਦੁਸਤਾਨ, ਹਿੰਦੂ ਰਾਸ਼ਟਰ ਹੈ।’
ਸੰਘ ਮੁਖੀ ਨੇ ਕਿਹਾ ਕਿ ਹਿੰਦੂ ਜੇਕਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਦੁਨੀਆਂ ਸੁਣੇ ਤਾਂ ਉਨ੍ਹਾਂ ਨੂੰ ਇੱਕਜੁੱਟ ਹੋਣ ਤੇ ਸ਼ਕਤੀ ਹਾਸਲ ਕਰਨ ਜ਼ਰੂਰਤ ਹੈ। ਉਨ੍ਹਾਂ ਕਿਹਾ, ‘ਜੋ ਭਾਰਤ ਦੇ ਹਨ, ਜੋ ਭਾਰਤੀ ਪੁਰਖਿਆਂ ਦੇ ਵੰਸ਼ਜ ਹਨ ਅਤੇ ਸਾਰੀਆਂ ਵੰਨ-ਸੁਵੰਨਤਾਵਾਂ ਨੂੰ ਸਵੀਕਾਰ ਕਰਦਿਆਂ ਮਿਲਜੁਲ ਕੇ ਦੇਸ਼ ਦੇ ਵਿਕਾਸ ਤੇ ਮਨੁੱਖਤਾ ’ਚ ਸ਼ਾਂਤੀ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਨ, ਉਹ ਸਾਰੇ ਭਾਰਤੀ ਹਿੰਦੂ ਹਨ।’ ਸੰਘ ਮੁਖੀ ਨੇ ਉਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਸੰਘ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ‘ਇਸਲਾਮੋਫੋਬੀਆ ਜਾਂ ਗ਼ੈਰ-ਹਿੰਦੂ ਧਾਰਮਿਕ ਜਥੇਬੰਦੀਆਂ’ ਦੇ ਖ਼ਿਲਾਫ਼ ਹਨ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਹਜੂਮੀ ਹੱਤਿਆ (ਲਿੰਚਿੰਗ) ਪੱਛਮੀ ਘਾੜਤ ਹੈ ਅਤੇ ਭਾਰਤ ਨੂੰ ਬਦਨਾਮ ਕਰਨ ਲਈ ਇਸ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ‘ਹਜੂਮੀ ਹੱਤਿਆ’ ਸ਼ਬਦ ਭਾਰਤੀ ਮੂਲ ਦਾ ਨਹੀਂ ਬਲਕਿ ਕਿਸੇ ਹੋਰ ਧਰਮ ’ਚੋਂ ਆਇਆ ਹੈ ਅਤੇ ਇਸ ਨੂੰ ਭਾਰਤੀਆਂ ’ਤੇ ਨਹੀਂ ਥੋਪਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸੰਘ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਸਦਭਾਵਨਾ ਬਣਾਏ ਰੱਖਣ ਤੇ ਹਰ ਕਿਸੇ ਨੂੰ ਕਾਨੂੰਨ ਅਨੁਸਾਰ ਜਿਉਣ ਦੇਣ ਦਾ ਸੱਦਾ ਦਿੱਤਾ।
ਇਸੇ ਦੌਰਾਨ ਆਰਐੱਸਐੱਸ ਮੁਖੀ ਨੇ ਕਿਹਾ ਕਿ ਅਖੌਤੀ ਆਰਥਿਕ ਮੰਦੀ ਬਾਰੇ ਬਹੁਤੀ ਚਰਚਾ
ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਨਾਲ ਕਾਰੋਬਾਰੀ ਲੋਕ ਫਿਕਰਮੰਦ ਹੁੰਦੇ ਹਨ ਤੇ ਆਰਥਿਕ ਗਤੀਵਿਧੀਆਂ ’ਚ ਸੁਸਤੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਨੂੰ ਸਰਕਾਰ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇੱਕ ਅਰਥ ਸ਼ਾਸਤਰੀ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਨੂੰ ਮੰਦੀ ਤਾਂ ਹੀ ਕਹਿ ਸਕਦੇ ਹੋ ਜਦੋਂ ਤੁਹਾਡੀ ਵਿਕਾਸ ਦਰ ਸਿਫਰ ਹੋ ਜਾਵੇ, ਪਰ ਸਾਡੀ ਵਿਕਾਸ ਦਰ ਪੰਜ ਫੀਸਦ ਦੇ ਨੇੜੇ ਹੈ। ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀ ਸੋਚ ਦੀ ਦਿਸ਼ਾ ’ਚ ਤਬਦੀਲੀ ਆਈ ਹੈ ਪਰ ਭਾਰਤ ਤੇ ਦੁਨੀਆਂ ਦੋਵਾਂ ’ਚ ਕੁਝ ਅਜਿਹੇ ਵਿਅਕਤੀ ਹਨ ਜੋ ਇਸ ਨੂੰ ਪਸੰਦ ਨਹੀਂ ਕਰਦੇ।