ਭਾਰਤ ’ਚ ਕਰੋਨਾਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ

ਭਾਰਤ ’ਚ ਕਰੋਨਾਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ

ਦੇਸ਼ ਵਿਚ ਕਰੋਨਾਵਾਇਰਸ ਕਾਰਨ ਅੱਜ ਪਹਿਲੀ ਮੌਤ ਦੀ ਪੁਸ਼ਟੀ ਹੋ ਗਈ ਹੈ। ਕਰਨਾਟਕ ਵਾਸੀ 76 ਸਾਲਾ ਬਜ਼ੁਰਗ ਜਿਸ ਦੀ ਮੰਗਲਵਾਰ ਨੂੰ ਮੌਤ ਹੋ ਗਈ ਸੀ, ਦੀ ਅੱਜ ਕਰੋਨਾਵਾਇਰਸ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਇਸ ਬਜ਼ੁਰਗ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਸੰਸਾਰ ਪੱਧਰ ’ਤੇ ਕਰੋਨਾਵਾਇਰਸ ਦੇ ਕੇਸਾਂ ’ਚ ਇਜ਼ਾਫ਼ੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅੱਜ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਵਾਇਰਸ ਦੇ ਸਮੂਹਿਕ ਪੱਧਰ ’ਤੇ ਫੈਲਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਤੇ ਸਥਾਨਕ ਪੱਧਰ ’ਤੇ ਹੀ ਕੇਸ ਸਾਹਮਣੇ ਆਏ ਹਨ। ਭਾਰਤ ਵਿਚ ਕਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 74 ਹੋ ਗਈ ਹੈ। ਇਨ੍ਹਾਂ ਵਿਚ 16 ਇਤਾਲਵੀ ਨਾਗਰਿਕ ਤੇ ਇਕ ਕੈਨੇਡਾ ਦਾ ਨਾਗਰਿਕ ਵੀ ਹੈ। ਮਰੀਜ਼ਾਂ ’ਚ ਕੇਰਲ ਦੇ ਤਿੰਨ ਵਾਸੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਿਹਤ ਵਿਚ ਸੁਧਾਰ ਮਗਰੋਂ ਪਿਛਲੇ ਮਹੀਨੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਕੇਂਦਰੀ ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ 1,500 ਅਜਿਹੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਜੋ 74 ਪੀੜਤਾਂ ਦੇ ਸੰਪਰਕ ਵਿਚ ਆਏ ਸਨ। ਇਨ੍ਹਾਂ ਨੂੰ ਮੰਤਰਾਲਾ ਪੂਰੀ ਨਿਗਰਾਨੀ ਹੇਠ ਰੱਖ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਵਿਚ 30 ਹਜ਼ਾਰ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਹੋਰ ਢੰਗਾਂ ਅਧੀਨ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਭਾਰਤ ਕੋਲ ਇਕ ਲੱਖ ਟੈਸਟ ਕਿੱਟਾਂ ਹਨ ਤੇ ਹੋਰ ਮੰਗਵਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿਚ ਦੱਸਿਆ ਕਿ ਭਾਰਤ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਸੰਪੂਰਨ ‘ਪਾਬੰਦੀ’ ਨਹੀਂ ਲਾਈ ਹੈ। ਸਦਨ ’ਚ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ‘ਜੇ ਕੁਝ ਮੁਲਕਾਂ ਤੋਂ ਲੋਕ ਇੱਥੇ ਆ ਰਹੇ ਹਨ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਨਿਗਰਾਨੀ ਹੇਠ ਵੱਖ ਰੱਖਿਆ ਜਾਵੇਗਾ। ਕੁਝ ਕੇਸਾਂ ਵਿਚ ਲਾਜ਼ਮੀ ਤੌਰ ’ਤੇ ਵੱਖਰਾ ਰੱਖਿਆ ਜਾਵੇਗਾ ਤੇ ਕੁਝ ਮਾਮਲਿਆਂ ਵਿਚ ਫ਼ੈਸਲਾ ਸੋਚ-ਵਿਚਾਰ ਕੇ ਲਿਆ ਜਾਵੇਗਾ ਤੇ ਇਹ ਮਾਹਿਰਾਂ ’ਤੇ ਨਿਰਭਰ ਹੋਵੇਗਾ।’ ਜੈਸ਼ੰਕਰ ਨੇ ਕਿਹਾ ਕਿ ਜਿਹੜੇ ਭਾਰਤੀ ਨਾਗਰਿਕ ਵਾਪਸ ਆ ਰਹੇ ਹਨ, ਨੂੰ ਵੀ ਜ਼ਾਹਿਰ ਹੈ ਕਿ ਲੋੜ ਪੈਣ ’ਤੇ ਵੱਖ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਕ ਮੈਂਬਰ ਨੇ ਇਹ ਸਵਾਲ ਉਠਾਇਆ ਸੀ ਕਿ ਭਾਰਤ ਇਕੋ-ਇਕ ਮੁਲਕ ਹੈ ਜੋ ਸੰਪੂਰਨ ਤੌਰ ’ਤੇ ਪਾਬੰਦੀ ਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਤਰੀਆਂ ਦੇ ਸਮੂਹ ਨੇ ਬੁੱਧਵਾਰ ਨੂੰ ਫ਼ੈਸਲਾ ਕੀਤਾ ਸੀ ਕਿ ਸਾਰੇ ਮੌਜੂਦਾ ਵੀਜ਼ੇ 15 ਅਪਰੈਲ ਤੱਕ ਮੁਲਤਵੀ ਕੀਤੇ ਜਾਣਗੇ।
ਸਿਰਫ਼ ਕੂਟਨੀਤਕ, ਸਰਕਾਰੀ, ਸੰਯੁਕਤ ਰਾਸ਼ਟਰ ਤੇ ਹੋਰ ਕੌਮਾਤਰੀ ਸੰਗਠਨਾਂ, ਪ੍ਰਾਜੈਕਟ ਤੇ ਰੁਜ਼ਗਾਰ ਨਾਲ ਜੁੜੇ ਵੀਜ਼ਾ ਪਾਬੰਦੀ ਤੋਂ ਬਾਹਰ ਰੱਖੇ ਜਾ ਰਹੇ ਹਨ। ਓਸੀਆਈ ਕਾਰਡਧਾਰਕਾਂ ਨੂੰ ਮਿਲੀ ਵੀਜ਼ਾ-ਫ਼ਰੀ ਯਾਤਰਾ ਦੀ ਸਹੂਲਤ ਵੀ 15 ਅਪਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੇ ਕੋਈ ਵਿਦੇਸ਼ੀ ਨਾਗਰਿਕ ਕਿਸੇ ਜ਼ਰੂਰੀ ਕਾਰਨ ਲਈ ਭਾਰਤ ਆਉਣਾ ਚਾਹੁੰਦਾ ਹੈ, ਉਹ ਨੇੜਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦਾ ਹੈ। ਸਰਕਾਰ ਨੇ ਕਿਹਾ ਕਿ ਭਲਕ ਤੋਂ ਇਕ ਤੋਂ ਬਾਅਦ ਇਕ ਤਿੰਨ ਮੁਹਿੰਮਾਂ ’ਚ ਭਾਰਤੀਆਂ ਨੂੰ ਇਰਾਨ ’ਚੋਂ ਕੱਢਿਆ ਜਾਵੇਗਾ। ਭਲਕੇ 200 ਭਾਰਤੀਆਂ ਨੂੰ ਇਰਾਨ ਤੋਂ ਮੁੰਬਈ ਹਵਾਈ ਅੱਡੇ ਲਿਆਂਦਾ ਜਾਵੇਗਾ। ਇਹ ਦੁਪਹਿਰੇ ਕਰੀਬ 12.30 ਵਜੇ ਮੁੰਬਈ ਪੁੱਜਣਗੇ। ਦੂਜੀ ਉਡਾਨ 15 ਮਾਰਚ ਨੂੰ ਇਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਦਿੱਲੀ ਹਵਾਈ ਅੱਡੇ ਲਿਆਏਗੀ। ਇਸ ਤੋਂ ਬਾਅਦ ਤੀਜੀ ਉਡਾਨ 16 ਜਾਂ 17 ਮਾਰਚ ਨੂੰ ਇਰਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਏਗੀ। ਇਸ ਤੋਂ ਪਹਿਲਾਂ 58 ਜਣੇ ਇਰਾਨ ਤੋਂ ਵਾਪਸ ਲਿਆਂਦੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਇਟਲੀ ਤੋਂ ਭਾਰਤ ਪੁੱਜੇ 83 ਜਣਿਆਂ ਨੂੰ ਮਾਨੇਸਰ ’ਚ ਨਿਗਰਾਨੀ ਲਈ ਬਣਾਏ ਕੇਂਦਰ ’ਚ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਦੀ ਹਾਲਤ ਸਥਿਰ ਹੈ। ਸਰਕਾਰ ਨੇ ਨਮੂਨਿਆਂ ਦੀ ਪਰਖ਼ ਲਈ 52 ਲੈਬਾਰਟਰੀਆਂ ਸਥਾਪਿਤ ਕੀਤੀਆਂ ਹਨ। ਕਰੋਨਾਵਾਇਰਸ ਲਈ ਪੰਜਾਬ ਵਿਚ ਹੈਲਪਲਾਈਨ ਨੰਬਰ 104 ਲਾਂਚ ਕੀਤਾ ਗਿਆ ਹੈ।
 

Radio Mirchi