ਭਾਰਤ ’ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ

ਭਾਰਤ ’ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ

ਫ਼ਿਰੋਜ਼ਪੁਰ-ਪਾਕਿਸਤਾਨ ਦਾ ਡਰੋਨ ਮੰਗਲਵਾਰ ਰਾਤ ਫਿਰ ਭਾਰਤ ਦੇ ਸਰਹੱਦੀ ਪਿੰਡਾਂ ਵਿਚ ਦੇਖਿਆ ਗਿਆ। ਫਿਰੋਜ਼ਪੁਰ ਸਰਹੱਦ ਨਾਲ ਲੱਗਦੇ ਪਿੰਡ ਹਜਾਰਾ ਸਿੰਘ ਵਾਲਾ ਅਤੇ ਟੇਂਡੀ ਵਾਲਾ ਦੇ ਲੋਕਾਂ ਨੇ ਪਹਿਲਾਂ ਰਾਤ ਸਵਾ ਸੱਤ ਵਜੇ ਦੇ ਕਰੀਬ ਇਸ ਡਰੋਨ ਨੂੰ ਵੇਖਿਆ। ਇਸ ਮਗਰੋਂ ਸਵਾ ਅੱਠ ਵਜੇ ਅਤੇ ਫਿਰ ਸਵਾ ਦਸ ਵਜੇ ਲੋਕਾਂ ਨੇ ਡਰੋਨ ਵੇਖਿਆ ਅਤੇ ਬੀਐਸਐਫ਼ ਤੇ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਮੰਗਲਵਾਰ ਰਾਤ ਤੋਂ ਲੈ ਕੇ ਬੁੱਧਵਾਰ ਸਵੇਰ ਤੱਕ ਇਲਾਕੇ ਵਿਚ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਇਸ ਵਾਰ ਵੀ ਕੋਈ ਬਰਾਮਦਗੀ ਨਹੀਂ ਹੋਈ। ਇਸ ਘਟਨਾ ਮਗਰੋਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਫ਼ਾ 144 ਤਹਿਤ ਸਰਹੱਦੀ ਖੇਤਰ ਅਤੇ ਹੋਰ ਸਥਾਨਾਂ ’ਤੇ ਵਿਆਹ ਸਮਾਗਮਾਂ, ਧਾਰਮਿਕ ਅਤੇ ਹੋਰ ਪ੍ਰੋਗਰਾਮਾਂ ਵਿਚ ਡਰੋਨ ਦੀ ਵਰਤੋਂ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ 30 ਨਵੰਬਰ ਤੱਕ ਲਾਗੂ ਰਹਿਣਗੇ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਵੱਲੋਂ ਡਰੋਨ ਰਾਈਫ਼ਲ ਦੀ ਰੇਂਜ ਤੋਂ ਉਪਰ ਉਡਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਪਾਕਿਸਤਾਨ ਨੇ ਸਰਹੱਦ ਦੇ ਨਜ਼ਦੀਕ ਪੰਜ ਵਾਰ ਡਰੋਨ ਭੇਜਿਆ ਸੀ। ਪਿਛਲੀ ਤਲਾਸ਼ੀ ਮੁਹਿੰਮ ਅਜੇ ਮੁਕੰਮਲ ਹੋਈ ਸੀ ਕਿ ਪਾਕਿਸਤਾਨ ਨੇ ਮੁੜ ਨਾਪਾਕ ਹਰਕਤ ਨੂੰ ਅੰਜਾਮ ਦੇ ਦਿੱਤਾ।
24 ਘੰਟਿਆਂ ’ਚ ਦੋ ਵਾਰ ਕੀਤੀ ਗਈ ਇਸ ਹਰਕਤ ਨੂੰ ਲੈ ਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਫਿਰੋਜ਼ਪੁਰ ਸਰਹੱਦ ਰਾਹੀਂ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਹੈ।

Radio Mirchi