ਭਾਰਤ ’ਚ ਸੁਰੱਖਿਆ ਬਲਾਂ ਦੀ ਵੱਡੀ ਘਾਟ: ਸ਼ਾਹ

ਭਾਰਤ ’ਚ ਸੁਰੱਖਿਆ ਬਲਾਂ ਦੀ ਵੱਡੀ ਘਾਟ: ਸ਼ਾਹ

ਪੁਲੀਸ ਮੁਲਾਜ਼ਮਾਂ ਨੂੰ ਦੇਸ਼ ਦੇ ‘ਖ਼ਾਮੋਸ਼ ਪਹਿਰੇਦਾਰ’ ਦੱਸਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਨਿਰਧਾਰਤ ਸਮੇਂ ’ਚ ਉਨ੍ਹਾਂ ਦੀ ਸੰਪੂਰਨ ਭਲਾਈ ਲਈ ਵਚਨਬੱਧ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਉਨ੍ਹਾਂ ਹਾਲਾਤ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਵਿੱਚ ਪੁਲੀਸ ਮੁਲਾਜ਼ਮ ਕੰਮ ਕਰਦੇ ਹਨ। ਇੱਥੇ ਪੁਲੀਸ ਸ਼ਹੀਦੀ ਦਿਵਸ ਸਬੰਧੀ ਇਕ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਘਾਟ ਹੈ। ਇੱਥੇ ਇਕ ਲੱਖ ਦੀ ਆਬਾਦੀ ਪਿੱਛੇ ਮਨਜ਼ੂਰਸ਼ੁਦਾ ਪੁਲੀਸ ਮੁਲਾਜ਼ਮਾਂ ਦੀਆਂ 222 ਅਸਾਮੀਆਂ ਦੀ ਥਾਂ ਸਿਰਫ਼ 144 ਪੁਲੀਸ ਮੁਲਾਜ਼ਮ ਤਾਇਨਾਤ ਹਨ। ਇਸ ਘਾਟ ਕਾਰਨ ਜ਼ਿਆਦਾਤਰ ਪੁਲੀਸ ਮੁਲਾਜ਼ਮ ਕਈ-ਕਈ ਘੰਟੇ ਕੰਮ ਕਰਦੇ ਹਨ ਅਤੇ ਹਫ਼ਤਾਵਾਰੀ ਛੁੱਟੀ ਵੀ ਨਹੀਂ ਲੈ ਸਕਦੇ।
ਕੇਂਦਰੀ ਗ੍ਰਹਿ ਮੰਤਰੀ ਨੇ ਮੰਨਿਆ ਕਿ ਪੁਲੀਸ ਫੋਰਸ ਕਾਫੀ ਮੁਸ਼ਕਿਲ ਹਾਲਾਤ ’ਚ ਕੰਮ ਕਰਦੀ ਹੈ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਰਿਹਾਇਸ਼ ਤੇ ਕੰਮ ਕਰਨ ਪੱਖੀ ਵਾਤਾਵਰਨ ਦੇਣ ਤੋਂ ਲੈ ਕੇ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਸਣੇ ਪੁਲੀਸ ਮੁਲਾਜ਼ਮਾਂ ਦੀ ਸੰਪੂਰਨ ਭਲਾਈ ਲਈ ਵਚਨਬੱਧ ਹੈ ਅਤੇ ਇਹ ਸਹੂਲਤਾਂ ਇਕ ਨਿਰਧਾਰਤ ਸਮੇਂ ’ਚ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ ਸਰਹੱਦਾਂ ਦੀ ਰੱਖਿਆ ਕਰਨ ਤੋਂ ਲੈ ਕੇ ਟਰੈਫਿਕ ਪ੍ਰਬੰਧਨ ਅਤੇ ਨਸ਼ਿਆਂ ਤੇ ਅਤਿਵਾਦ ਖ਼ਿਲਾਫ਼ ਲੜਾਈ ਲੜ ਕੇ ਦੇਸ਼ ਦੇ ਵਿਕਾਸ ’ਚ ਅਹਿਮ ਰੋਲ ਅਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ 34844 ਪੁਲੀਸ ਮੁਲਾਜ਼ਮਾਂ ਨੇ ਡਿਊਟੀ ਕਰਦਿਆਂ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸੂਚੀ ’ਚ ਅੱਜ ਵੀ 292 ਨਾਂ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -

Radio Mirchi