ਭਾਰਤੀ ਸੈਨਾ ਹਰ ਚੁਣੌਤੀ ਲਈ ਤਿਆਰ: ਜਨਰਲ ਰਾਵਤ
ਥਲ ਸੈਨਾ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਕੁਝ ਘੰਟੇ ਪਹਿਲਾਂ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਪਾਕਿਸਤਾਨ ਤੇ ਚੀਨ ਨਾਲ ਲੱਗਦੀ ਸਰਹੱਦ ’ਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਸੈਨਾ ਬਿਹਤਰ ਢੰਗ ਨਾਲ ਤਿਆਰ ਹੈ। ਜਨਰਲ ਰਾਵਤ ਨੇ 31 ਦਸੰਬਰ 2016 ’ਚ ਦੇਸ਼ ਦੇ 27ਵੇਂ ਥਲ ਸੈਨਾ ਮਖੀ ਵਜੋਂ ਕਾਰਜਭਾਰ ਸੰਭਾਲਿਆ ਸੀ। ਬੀਤੇ ਦਿਨ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਨਿਯੁਕਤ ਕੀਤਾ ਗਿਆ ਸੀ।
ਰਾਏਸੀਨਾ ਹਿੱਲ ਕੈਂਪਸ ਦੇ ਸਾਊਥ ਬਲਾਕ ’ਚ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਅੱਜ ਦੇਸ਼ ਦੇ 28ਵੇਂ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੱਤੀ। ਇਸ ਮੌਕੇ ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਦੇਸ਼ ਦੇ ਜਵਾਨ ਤੇ ਉਨ੍ਹਾਂ ਦੇ ਪਰਿਵਾਰ ਜਨਰਲ ਨਰਵਾਣੇ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਜਨਰਲ ਨਰਵਾਣੇ ਦੀ ਪਤਨੀ ਨੂੰ ਫੌਜੀ ਪਤਨੀ ਭਲਾਈ ਐਸੋਸੀਏਸ਼ਨ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਦੀ ਵਧਾਈ ਵੀ ਦਿੱਤੀ।
ਉਨ੍ਹਾਂ ਕੌਮੀ ਜੰਗੀ ਯਾਦਗਾਰ ’ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਸਾਰੇ ਫੌਜੀਆਂ ਦਾ ਧੰਨਵਾਦ ਕਰਦਾ ਹਾਂ ਜੋ ਦੇਸ਼ ਖਾਤਰ ਮੁਸ਼ਕਿਲ ਹਾਲਤਾਂ ’ਚ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਮੈਂ ਸਭ ਤੋਂ ਵੱਧ ਧੰਨਵਾਦ ਉਨ੍ਹਾਂ ਜਵਾਨਾਂ ਦਾ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਸਖ਼ਤ ਠੰਢ ਵਾਲੇ ਤੇ ਬਰਫੀਲੇ ਉੱਤਰੀ, ਪੱਛਮੀ ਤੇ ਪੂਰਬੀ ਸਰਹੱਦੀ ਇਲਾਕਿਆਂ ’ਚ ਸੇਵਾ ਨਿਭਾਈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਫੌਜ ਦੇ ਪੁਨਰਗਠਨ ਤੇ ਆਧੁਨਿਕੀਕਰਨ ਵੱਲ ਧਿਆਨ ਦਿੱਤਾ ਹੈ ਤੇ ਨਵੇਂ ਦਫ਼ਤਰ ’ਚ ਅਹੁਦਾ ਸੰਭਾਲਣ ਮਗਰੋਂ ਉਹ ਅਗਲੀਆਂ ਸੇਵਾਵਾਂ ਵੱਲ ਧਿਆਨ ਦੇਣਗੇ।