ਭੀਮ ਆਰਮੀ ਦੇ ਬੰਦ ਦੇ ਸੱਦੇ ’ਤੇ ਕਈ ਥਾਈਂ ਪ੍ਰਦਰਸ਼ਨ
ਭੀਮ ਆਰਮੀ ਅਤੇ ਹੋਰ ਦਲਿਤ ਜੱਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕਈ ਥਾਈਂ ਕੌਮੀ ਸ਼ਾਹਰਾਹ ਵੀ ਜਾਮ ਕੀਤੇ ਗਏ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਦਲਿਤ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਤਿੱਖੇ ਪ੍ਰਦਰਸ਼ਨ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕੌਮੀ ਮਾਰਗ ਅਤੇ ਹੋਰ ਸੜਕਾਂ ’ਤੇ ਜਾਮ ਲਗਾਏ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਗੱਡੀਆਂ ਜਾਮ ਵਿੱਚ ਫਸੀਆਂ ਰਹੀਆਂ। ਇਸ ਦੌਰਾਨ ਗੁਰੂ ਰਵਿਦਾਸ ਚੌਕ, ਵਡਾਲਾ ਚੌਕ, ਰਾਮਾ ਮੰਡੀ ਚੌਕ, ਪਠਾਨਕੋਟ ਚੌਕ, ਲੰਮਾ ਪਿੰਡ ਚੌਕ, ਕਿਸ਼ਨਗੜ੍ਹ, ਕਰਤਾਰਪੁਰ, ਪਰਾਗਪੁਰ ਅਤੇ ਆਦਮਪੁਰ ਸਣੇ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਪੁਲੀਸ ਨੇ ਕਈ ਵਾਰ ਕੌਮੀ ਮਾਰਗ ’ਤੇ ਲੱਗੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵਿਰੋਧ ਕਾਰਨ ਸਫ਼ਲ ਨਹੀਂ ਹੋ ਸਕੀ। ਭਾਜਪਾ ਵਿੱਚ ਦਸ ਸਾਲ ਤੱਕ ਘੱਟ ਗਿਣਤੀ ਸੈੱਲ ਦੀ ਆਗੂ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਚੁੱਕੀ ਸਾਇਨਾ ਪ੍ਰਵੀਨ ਨੇ ਇਕ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨਪੀਆਰ ਅਸਲ ਵਿੱਚ ਐੱਨਆਰਸੀ ਦਾ ਹੀ ਚੂਜ਼ਾ ਹੈ। ਜਦੋਂ ਸਾਰਾ ਡੇਟਾ ਹੀ ਸਰਕਾਰ ਕੋਲ ਚਲਾ ਜਾਵੇਗਾ ਤਾਂ ਫਿਰ ਉਸ ਨੂੰ ਐੱਨਆਰਸੀ ਲਈ ਵਰਤਿਆ ਜਾਵੇਗਾ। ਆਯੂਬ ਖਾਨ ਨੇ ਕਿਹਾ ਕਿ ਦਲਿਤ ਤੇ ਮੁਸਲਿਮ ਭਾਈਚਾਰਾ ਜਾਗ ਚੁੱਕਾ ਹੈ ਤੇ ਹੁਣ ਇਨ੍ਹਾਂ ਨੂੰ ਮੋਦੀ ਤੇ ਸ਼ਾਹ ਦੀ ਜੋੜੀ ਗੁਮਰਾਹ ਨਹੀਂ ਕਰ ਸਕਦੀ। ਇਸ ਦੌਰਾਨ ਦਲਿਤਾਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਤਰੱਕੀਆਂ ਵਿੱਚ ਦਿੱਤੇ ਜਾਂਦੇ ਰਾਖਵੇਂਕਰਨ ਨੂੰ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰ ’ਤੇ ਛੱਡੇ ਜਾਣ ਖ਼ਿਲਾਫ਼ ਵੀ ਰੋਸ ਪ੍ਰਗਟਾਇਆ ਗਿਆ।