ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਪਰਿਵਾਰਾਂ ਲਈ ਪੈਕੇਜ
ਨਵੀਂ ਦਿੱਲੀ- ਮੰਤਰੀ ਮੰਡਲ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਤੋਂ ਉਜੜ ਕੇ ਆਏ 5300 ਪਰਿਵਾਰਾਂ ਨੂੰ ਵਸਾਉਣ ਲਈ ਯਕਮੁਸ਼ਤ 5.5 ਲੱਖ ਰੁਪਏ ਦਾ ਪੈਕੇਜ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਰਿਵਾਰ ਪੀਓਕੇ ਤੋਂ ਉਜੜਨ ਮਗਰੋਂ ਸ਼ੁਰੂ ’ਚ ਜੰਮੂ ਕਸ਼ਮੀਰ ਦੇ ਬਾਹਰਵਾਰ ਵਸ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2016 ’ਚ ਮਕਬੂਜ਼ਾ ਕਸ਼ਮੀਰ ਦੇ ਸ਼ਰਨਾਰਥੀਆਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਸੀ ਪਰ ਸੂਬੇ ਤੋਂ ਬਾਹਰ ਰਹਿ ਗਏ 5300 ਪਰਿਵਾਰਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਸਰਕਾਰ ਨੇ ‘ਇਤਿਹਾਕ ਭੁੱਲ’ ਨੂੰ ਸੁਧਾਰ ਲਿਆ ਹੈ।’’ ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਮਕਬੂਜ਼ਾ ਕਸ਼ਮੀਰ ਤੋਂ ਆਏ ਸਨ ਅਤੇ ਜੰਮੂ ਕਸ਼ਮੀਰ ਦੇ ਬਾਹਰ ਵਸ ਗਏ ਸਨ, ਉਨ੍ਹਾਂ ਨੂੰ ਪੈਕੇਜ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਸੀ। ਇਹ ਪਰਿਵਾਰ ਬਾਅਦ ’ਚ ਜੰਮੂ ਕਸ਼ਮੀਰ ਅੰਦਰ ਵਸ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ 5300 ਪਰਿਵਾਰਾਂ ਨੂੰ ਮੁੜ ਵਸੇਬਾ ਪੈਕੇਜ ’ਚ ਸ਼ਾਮਲ ਕੀਤਾ ਗਿਆ ਹੈ। ਸ੍ਰੀ ਜਾਵੜੇਕਰ ਨੇ ਕਿਹਾ ਇਸ ਫ਼ੈਸਲੇ ਨਾਲ ਇਨ੍ਹਾਂ ਪਰਿਵਾਰ ਨਾਲ ਇਨਸਾਫ਼ ਹੋਇਆ ਹੈ ਅਤੇ ਕਸ਼ਮੀਰ ਵਾਦੀ ’ਚ ਇਸ ਦਾ ਸਵਾਗਤ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਵੱਖ ਵੱਖ ਸਮਿਆਂ ’ਤੇ ਉਜੜ ਕੇ ਜੰਮੂ ਕਸ਼ਮੀਰ ਆਏ ਸਨ।