ਮਜੀਠੀਆ ਦੇ ਕਾਫ਼ਲੇ ਦੀ ਗੱਡੀ ਹਾਦਸਾਗ੍ਰਸਤ; ਜਵਾਨ ਦੀ ਮੌਤ

ਮਜੀਠੀਆ ਦੇ ਕਾਫ਼ਲੇ ਦੀ ਗੱਡੀ ਹਾਦਸਾਗ੍ਰਸਤ; ਜਵਾਨ ਦੀ ਮੌਤ

ਮੋਗਾ-ਇੱਥੇ ਕੋਟਕਪੂਰਾ ਮਾਰਗ ’ਤੇ ਰੇਲ ਫ਼ਲਾਈਓਵਰ ਉਤੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਅਕਾਲੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫ਼ਲੇ ’ਚ ਸ਼ਾਮਲ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਸੀਆਈਐੱਸਐਫ ਜਵਾਨ ਗੁੱਡੂ ਕੁਮਾਰ ਵਾਸੀ ਬਿਹਾਰ ਦੀ ਮੌਤ ਹੋ ਗਈ ਜਦਕਿ ਪੰਜ ਜਵਾਨ ਜ਼ਖ਼ਮੀ ਹੋ ਗਏ। ਹਾਦਸੇ ਵਿਚ ਪਾਇਲਟ ਇਨੋਵਾ ਕਾਰ ਚਕਨਾਚੂਰ ਹੋ ਗਈ। ਜ਼ਖ਼ਮੀ ਜਵਾਨਾਂ ਨੂੰ ਅਕਾਲੀ ਆਗੂ ਨੇ ਖ਼ੁਦ ਡੀਐਮਸੀ ਜਾ ਕੇ ਦਾਖ਼ਲ ਕਰਵਾਇਆ। ਡੀਐੱਸਪੀ (ਸਿਟੀ) ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਪੁਲੀਸ ਸੂਤਰਾਂ ਮੁਤਾਬਕ ਸੀਆਈਐੱਸਐਫ ਕੈਂਪ ਨੋਇਡਾ ਤੋਂ ਅਧਿਕਾਰੀਆਂ ਦੀ ਟੀਮ ਹਾਦਸੇ ਦਾ ਜਾਇਜ਼ਾ ਲੈਣ ਲਈ ਆ ਰਹੀ ਹੈ। ਵੇਰਵਿਆਂ ਅਨੁਸਾਰ ਬਿਕਰਮ ਮਜੀਠੀਆ ਦਾ ਕਾਫ਼ਲਾ ਲੰਘੀ ਰਾਤ ਤਕਰੀਬਨ 11.30 ਵਜੇ ਜਲੰਧਰ ਤੋਂ ਮੁਕਤਸਰ ਲਈ ਚੱਲਿਆ ਸੀ। ਕੋਟਕਪੂਰਾ ਮਾਰਗ ’ਤੇ ਰਾਤ ਤਕਰੀਬਨ 1.30 ਵਜੇ ਰੇਲ ਫ਼ਲਾਈਓਵਰ ’ਤੇ ਅਕਾਲੀ ਆਗੂ ਬਿਕਰਮ ਮਜੀਠੀਆ ਜਿਸ ਗੱਡੀ ਵਿਚ ਸਵਾਰ ਸਨ, ਉਹ ਪਾਇਲਟ ਗੱਡੀ ਤੋਂ ਅੱਗੇ ਲੰਘ ਗਈ। ਪਾਇਲਟ ਇਨੋਵਾ ਨੂੰ ਸਿਪਾਹੀ ਗੁਰਭੇਜ ਸਿੰਘ ਵਾਸੀ ਪਿੰਡ ਨੱਥੂਪੁਰ, ਜ਼ਿਲ੍ਹਾ ਤਰਨ ਤਾਰਨ ਚਲਾ ਰਿਹਾ ਸੀ। ਇਨੋਵਾ ਦੀ ਸਾਹਮਣਿਓਂ ਆ ਰਹੇ ਟਰੱਕ ਨਾਲ ਟੱਕਰ ਹੋਣ ਮਗਰੋਂ ਇਹ ਡੀਵਾਈਡਰ ਵਿਚ ਵੱਜ ਕੇ ਪਲਟ ਗਈ। ਜ਼ਖ਼ਮੀਆਂ ਵਿਚ ਪਾਇਲਟ ਗੱਡੀ ਚਾਲਕ ਗੁਰਭੇਜ ਸਿੰਘ ਤੋਂ ਇਲਾਵਾ ਸੀਆਈਐੱਸਐੱਫ ਜਵਾਨ ਵਿਮਲ ਵਾਸੀ ਕੇਰਲ, ਧਰਮਿੰਦਰ ਸਿੰਘ ਤੇਵਤੀਆ ਵਾਸੀ ਯੂਪੀ, ਦਿਗਵਿਜੈ ਕੁਮਾਰ ਵਾਸੀ ਬਿਹਾਰ ਸ਼ਾਮਲ ਹਨ। ਲੁਧਿਆਣਾ ਤੋਂ ਸਾਡੇ ਪੱਤਰਕਾਰ ਮੁਤਾਬਕ ਬਿਕਰਮ ਮਜੀਠੀਆ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ।

Radio Mirchi